Back ArrowLogo
Info
Profile

ਨਾਗਸੈਨ ਅਸੱਗੁਤ ਕੋਲ ਗਿਆ ਤੇ ਦੱਸੇ ਅਨੁਸਾਰ ਵਿਹਾਰ ਕੀਤਾ। ਉਸਨੂੰ ਉਥੇ ਠਹਿਰਨ ਦਾ ਹੁਕਮ ਹੋਇਆ। ਹਰ ਸਵੇਰ ਨਾਗਸੈਨ ਅਸੱਗੁਤ ਦੀ ਕੁਟੀਆ ਬੁਹਾਰਦਾ, ਪਾਣੀ ਦਾ ਘੜਾ ਭਰਦਾ ਤੇ ਦਾਤਣ ਰਖਦਾ। ਹਰ ਰੋਜ਼ ਅਸੱਗੁਤ ਪਾਣੀ ਡੋਹਲ ਦਿੰਦਾ, ਦਾਤਣ ਸੁੱਟ ਦਿੰਦਾ ਤੇ ਮੁੜ ਝਾੜੂ ਖੁਦ ਮਾਰਦਾ। ਸੱਤ ਦਿਨ ਬਾਦ ਇਕ ਔਰਤ ਹਾਜ਼ਰ ਹੋਈ ਤੇ ਦੁਪਹਿਰ ਦਾ ਖਾਣਾ ਪ੍ਰਵਾਨ ਕਰਨ ਦੀ ਅਰਜ਼ ਗੁਜ਼ਾਰੀ। ਅਸੱਗੁਤ ਨੇ ਮਨਜ਼ੂਰੀ ਦੇ ਦਿਤੀ ਤੇ ਦੁਪਹਿਰ ਵਕਤ ਨਾਗਸੈਨ ਸਮੇਤ ਉਸਦੇ ਘਰ ਪੁੱਜੇ। ਖਾਣਾ ਖਾਧਾ ਤਾਂ ਅਸਗਰ ਨੇ ਕਿਹਾ - ਇਹ ਬਿਰਧ ਬੀਬੀ ਤੀਹ ਸਾਲ ਤੋਂ ਆਸ਼ਰਮ ਦੀ ਸੇਵਾ ਕਰਦੀ ਆ ਰਹੀ ਹੈ। ਖਾਣੇ ਦਾ ਸ਼ੁਕਰਾਨਾਂ ਅਤੇ ਅਸੀਸ ਦੇਣ ਦਾ ਕੰਮ ਤੂੰ ਕਰੀਂ। ਇਹ ਕਹਿ ਕੇ ਸਾਧੂ ਤੁਰ ਆਇਆ। ਨਾਗਸੈਨ ਨੇ ਅਸੀਸ ਦੇਣ ਵਕਤ ਅਭਿਧਮ ਦੇ ਬੇਅੱਤ ਬਰੀਕ ਭੇਦ ਖੋਹਲੇ ਜਿਸ ਨਾਲ ਔਰਤ ਵਿਸਮਾਦ ਵਿਚ ਆ ਗਈ ਤੇ ਬੋਧ ਗਿਆਨ ਦਾ ਚਾਨਣ ਹੋਇਆ। ਵਚਿਤਰ ਗੱਲ ਇਹ ਕਿ ਖੁਦ ਨਾਗਸੈਨ ਨੂੰ ਪ੍ਰਤੀਤ ਹੋਇਆ ਕਿ ਉਹ ਕਿਸੇ ਵੱਖਰੇ ਦੇਸ ਵਿਚ ਚਲਾ ਗਿਆ ਹੈ ਜਿਹੜਾ ਵਿਦਿਆ ਤੋਂ ਪਾਰ ਹੈ। ਉਸਦਾ ਅੰਦਰ ਬਾਹਰ ਨੂਰੇ ਨੂਰ ਹੋਇਆ। ਹੱਥ ਵਿਚ ਠੂਠਾ ਫੜੀ ਜਦੋਂ ਉਹ ਆਸ਼ਰਮ ਪੁੱਜਾ ਤਾਂ ਅਸੱਗੁਤ ਨੇ ਕਿਹਾ - ਇਕ ਤੀਰ ਨਾਲ ਦੇ ਨਿਸ਼ਾਨੇ ਫੁੰਡਿਆ ਕਰੇਂਗਾ ਨਾਗਸੈਨ। ਦੇਵਤਿਆਂ ਨੇ ਜੇ ਜੇਕਾਰ ਕੀਤੀ ਹੈ ਅੱਜ।

ਦੇਵਮੰਤੀ ਨੇ ਬਾਦਸ਼ਾਹ ਮਿਲਿੰਦ ਨੂੰ ਨਾਗਸੈਨ ਬਾਬਤ ਜੋ ਜੋ ਦੱਸਿਆ ਉਸ ਤੋਂ ਉਹ ਸੰਖੇਪ ਵਿਚ ਸਾਰੀਆਂ ਵਿਹਾਰਕ ਅਤੇ ਰੂਹਾਨੀ ਬਰਕਤਾਂ ਦਾ ਮਾਲਕ ਸਾਬਤ ਹੁੰਦਾ ਹੈ। ਕਈ ਪੰਨਿਆਂ ਵਿਚ ਉਸਦੇ ਗੁਣਾਂ ਦਾ ਬਿਰਤਾਂਤ ਦਿੱਤਾ ਗਿਆ ਹੈ। ਬਾਦਸ਼ਾਹ ਨੇ ਨਾਗਸੈਨ ਦਾ ਟਿਕਾਣਾ ਪੁੱਛਿਆ ਤੇ ਕਿਹਾ ਅਸੀਂ ਜਿਸਨੂੰ ਚਾਹੀਏ, ਬੁਲਾ ਸਕਦੇ ਹਾਂ, ਪਰ ਇਸ ਤਰਾਂ ਦੇ ਵਿਦਵਾਨ ਕੋਲ ਸਾਨੂੰ ਖੁਦ ਜਾਣਾ ਚਾਹੀਦਾ ਹੈ। ਬਾਦਸ਼ਾਹ ਆਪਣੇ ਦਰਬਾਰੀਆਂ ਸਮੇਤ ਸੰਖੇ ਆਸ਼ਰਮ ਪੁੱਜਾ।

ਯੋਗ ਸ਼ਬਦਾਂ ਨਾਲ ਉਸਨੇ ਨਾਗਸੈਨ ਨੂੰ ਸੰਬੋਧਨ ਕੀਤਾ ਤੇ ਉਵੇਂ ਹੀ ਆਦਰਯੋਗ ਢੰਗ ਨਾਲ ਨਾਗਸੇਨ ਨੇ ਜੀ ਆਇਆ ਆਖਿਆ। ਆਸਣਾ ਉਪਰ ਬਿਰਾਜਮਾਨ ਹੋਣ ਪਿਛੋਂ ਬਾਦਸ਼ਾਹ ਨੇ ਕਿਹਾ- ਕੀ ਮੈਂ ਕੁਝ ਮਸਲਿਆ ਬਾਬਤ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਸਕਦਾ ਹਾਂ ਪੂਜਨੀਕ ਨਾਗਸੈਨ ? ਨਾਗਸੈਨ ਨੇ ਕਿਹਾ - ਜੇ ਵਿਦਵਾਨਾ ਵਾਂਗ ਵਿਚਾਰ ਵਟਾਂਦਰਾ ਕਰਨ ਦਾ ਇਰਾਦਾ ਹੈ ਤਾਂ ਸੁਆਗਤ ਹੈ ਮਹਾਰਾਜ। ਜੇ ਬਾਦਸ਼ਾਹਾਂ ਵਾਂਗ ਗੱਲਾ ਕਰਨੀਆਂ ਹਨ ਫਿਰ ਆਗਿਆ ਨਹੀਂ ਹੈ। ਬਾਦਸ਼ਾਹ ਨੇ ਪ੍ਰਸੰਨਚਿਤ ਕਿਹਾ- ਵਿਦਵਾਨਾ ਵਾਂਗ, ਯਕੀਨਨ ਵਿਦਵਾਨਾਂ ਵਾਂਗ ਨਾਗਸੈਨ। ਬਾਦਸ਼ਾਹਾਂ ਵਾਂਗ ਹਰਗਿਜ਼ ਨਹੀਂ। ਇਸ ਪਿਛੋਂ ਸਵਾਲਾਂ ਅਤੇ ਜਵਾਬਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਨਮੂਨੇ ਵਾਸਤੇ ਕੁਝ ਕੁ ਹਿੱਸੇ ਇਥੇ ਦਿਤੇ ਗਏ ਹਨ।

74 / 229
Previous
Next