ਰਖੇਗਾ ਅਰ ਦੁਨੀਆਂ ਮਹਿ ਭੀ। ਹੁਣ ਜਾਹ। ਤੇਰਾ ਮਕਸਦ ਪੂਰਾ ਹੋਆ।" ਰਾਇ ਬੁਲਾਰ ਕੁਰਨਸ (ਸਲਾਮ, ਨਮਸਕਾਰ) ਕਰਿ ਵਿਦਾ ਹੋਆ। ਅਗੇ ਦੂਰ ਜਾਇ ਕਰਿ ਕੁਰਨਸਿ ਲਗਾ ਕਰਣੋ। ਚਲੇ। ਚਲਿ ਕਰਿ ਕੁਰਨਸਿ ਕਰੇ। ਪੈਦਲ ਘਰ ਆਇਆ। ਇਹ ਬੋਲ ਮਿਹਰਬਾਨ ਵਾਲੀ ਸਾਖੀ ਦੇ ਹਨ। ਰਾਇ ਨੇ ਕੀ ਮੰਗਿਆ ਸੀ, ਸਾਖੀ ਵਿਚੋਂ ਪਤਾ ਨਹੀਂ ਲਗਦਾ। ਇਸ ਦਾ ਪਤਾ ਵਿਸਾਖੀ 1992 ਵਿਚ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਲੱਗਾ ਜੋ ਪਿਛੋਂ ਦਰਜ ਕਰਾਂਗਾ।
ਪਿਤਾ ਨੂੰ ਉਦਾਸੀ ਹੋਈ ਕਿ ਪੜ੍ਹਨਾ-ਲਿਖਣਾ ਤਾਂ ਦਰਕਿਨਾਰ, ਪਸ਼ੂ ਚਾਰਨ ਵਲ ਵੀ ਕੋਈ ਧਿਆਨ ਨਹੀਂ। ਫੈਸਲਾ ਕੀਤਾ ਕਿ ਹੱਟੀ ਖੁਲਵਾ ਦਿੰਦੇ ਹਾਂ। ਸੌਦਾ ਖਰੀਦਣ ਲਈ ਦਿਤੇ ਵੀਹ ਰੁਪਿਆਂ ਦਾ ਬਾਬੇ ਨੇ ਭੁੱਖੇ ਸਾਧੂਆਂ ਨੂੰ ਖਾਣਾ ਖੁਆਇਆ, ਇਸ ਦਾ ਪਾਠਕਾਂ ਨੂੰ ਪਤਾ ਹੈ। ਪਿਤਾ ਨੇ ਕ੍ਰੋਧਵਾਨ ਹੋ ਕੇ ਪੁੱਛਿਆ- ਨਾਨਕ ਹੇ ਕਿਥੇ ? ਘਰੋਂ ਦਸਿਆ ਗਿਆ ਕਿ ਛੱਪੜ ਕਿਨਾਰੇ ਬੈਠਾ ਰੱਬ ਦਾ ਨਾਮ ਲੈ ਰਿਹਾ ਹੈ। ਪਿਤਾ ਤੇਜ਼ ਕਦਮੀ ਬਾਹਰ ਨਿਕਲਿਆ। ਬੇਬੇ ਨਾਨਕੀ ਗੁਸੈਲੇ ਪਿਤਾ ਦੇ ਪਿੱਛੇ-ਪਿੱਛੇ ਤੇਜ਼ ਕਦਮੀ ਤੁਰੀ। ਪਿਤਾ ਨੂੰ ਆਉਂਦਿਆਂ ਦੇਖ ਬਾਬਾ ਖੜ੍ਹਾ ਹੋ ਗਿਆ। ਸੱਜੇ ਹੱਥ ਨਾਲ ਖੱਬੀ ਗੱਲ੍ਹ ਉਤੇ, ਖੱਬੇ ਹੱਥ ਨਾਲ ਸੱਜੀ ਗੱਲ੍ਹ ਉਪਰ ਪਿਤਾ ਵਲੋਂ ਦੇ ਥੱਪੜ ਰਸੀਦ ਕੀਤੇ ਗਏ। ਹੰਝੂਆਂ ਦੀਆਂ ਕੁੱਝ ਬੂੰਦਾਂ ਛੱਪੜ ਕਿਨਾਰੇ ਡਿੱਗੀਆਂ। ਬੇਬੇ ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ- ਪਿਤਾ ਜੀ ਘਰ ਚਲੋ। ਸਹਿਜੇ-ਸਹਿਜੇ ਕਦਮ ਪੁਟਦੇ ਤਿੰਨੇ ਜਣੇ ਘਰ ਆ ਗਏ।
ਰਾਇ ਬੁਲਾਰ ਸਾਹਿਬ ਤੱਕ ਇਹ ਖ਼ਬਰ ਪੁੱਜੀ ਤਾਂ ਵਿਆਕੁਲ ਹੋਏ। ਅੱਗੇ ਕਦੇ ਏਨੇ ਬੇਚੈਨ ਨਹੀਂ ਹੋਏ ਸਨ। ਨਫ਼ਰ ਬੁਲਾਇਆ ਤੇ ਕਿਹਾ, ਮਹਿਤਾ ਨੂੰ ਬੁਲਾ ਲਿਆਉ। ਪਿਤਾ ਜੀ ਟਲ ਕੇ ਕਿਸੇ ਗਵਾਂਢੀ ਦੇ ਘਰ ਚਲੇ ਗਏ- ਜਾਣਦੇ ਸਨ ਕਿ ਰਾਇ ਜੀ ਖਫ਼ਾ ਹੋਣਗੇ। ਹੋਰ ਆਦਮੀ ਭੇਜੇ, ਕਿਹਾ- ਜਿਥੇ ਵੀ ਹੋਣ ਢੂੰਡ ਲਿਆਉ। ਨਾਨਕ ਜੀ ਨੂੰ ਨਾਲ ਲਿਆਵਣਾ। ਪਿਤਾ ਪੁੱਤਰ ਹਵੇਲੀ ਪੁੱਜੇ ਤਾਂ ਰਾਇ ਬੁਲਾਰ ਉਠੇ ਅਤੇ ਬਾਬੇ ਨੂੰ ਜੱਫੀ ਵਿਚ ਲੈ ਲਿਆ। ਕਿਹਾ- ਮਹਿਤਾ ਜੀ ਤੁਸਾਂ ਨੂੰ ਤਾਕੀਦ ਸਖ਼ਤ ਕੀਤੀ ਸੀ ਕਿ ਇਸ ਬੱਚੇ ਨੂੰ ਉਚਾ ਨਹੀਂ ਬੋਲਣਾ- ਅੱਜ ਤਾਂ ਤੁਸੀਂ ਭਾਰੀ ਗੁਸਤਾਖੀ ਕੀਤੀ। ਸਾਨੂੰ ਵੱਡਾ ਦੁੱਖ ਪੁੱਜਾ। ਪਿਤਾ ਨੇ ਕਿਹਾ- ਜੀ ਕਰਾਂ ਕੀ? ਕਿਸੇ ਕੰਮ ਦਾ ਨਹੀਂ। ਹਮੇਸ਼ਾ ਉਜਾੜਾ ਕਿਵੇਂ ਬਰਦਾਸ਼ਤ ਕਰਾਂ? ਵੀਹ ਰੁਪਏ ਉਜਾੜ ਦਿੱਤੇ। ਰਾਇ ਨੇ ਨੌਕਰ ਨੂੰ ਕਿਹਾ- ਅੰਦਰ ਹਵੇਲੀ ਵਿਚ ਬੇਗਮ ਸਾਹਿਬਾ ਪਾਸੋਂ ਵੀਹ ਰੁਪਈਏ ਲੈ ਕੇ ਆ। ਨੌਕਰ ਪੈਸੇ ਲੈ ਆਇਆ। ਕਿਹਾ, ਮਹਿਤਾ ਜੀ ਨੂੰ ਦੇ ਦਿਉ। ਪਿਤਾ ਨੇ ਰੁਪਏ ਲੈਣ ਤੋਂ ਇਨਕਾਰ ਕਰਦਿਆਂ ਕਿਹਾ, "ਰਾਇ ਜੀ ਰੁਪਈਏ ਅਸਾਂ ਦੇ ਹੀ ਹਨ ਕਿਉਂਜੁ ਤੁਸੀਂ ਅਸਾਂ ਦੇ ਹੋ ਅਰ ਅਸੀਂ ਤੁਸਾਂ ਦੇ। ਗੱਲ ਵੀਹ ਰੁਪਈਆਂ ਦੀ ਨਾਹੀਂ।"