ਅਗਾਂਹ ਵਾਲੇ
'ਬੀਬੀ ਧੀ ਬਣ ਕੇ ਰਹੀਦਾ, ਬਾਹਰ ਜਾਣਾ ਤਾਂ ਸਿਰ ਤੇ ਚੁੰਨੀ ਹੋਵੇ.. ਢੱਕ ਕੇ ਰੱਖੀਦਾ ਪੁੱਤ ਆਵਦਾ ਆਪ। ਨਹੀਂ ਤਾਂ ਲੋਕੀਂ ਸੌ-ਸੌ ਗੱਲਾਂ ਕਰਦੇ ਆ ਕਿ ਫਲਾਣੇ ਦੀ ਕੁੜੀ ਨੂੰ ਭੋਰਾ ਸ਼ਰਮ ਨੀ, ਸਿਰ ਤਾਂ ਕੀ ਢੱਕਣਾ ਚੁੰਨੀ ਵੀ ਨਹੀਂ ਲੈਂਦੀ। ਨਾਲੇ ਉਂਝ ਵੀ ਸਿੱਖਾਂ ਦੀਆਂ ਕੁੜੀਆਂ ਸਿਰ ਢੱਕ ਕੇ ਰਹਿੰਦੀਆਂ।" ਮਾਂ ਨੇ ਧੀ ਦੇ ਸਿਰ 'ਤੇ ਤੇਲ ਝੱਸਦੀ ਨੇ ਸਮਝਾਇਆ। ਐਨੇ ਨੂੰ ਉਸਦਾ ਭਰਾ ਬਾਹਰੋਂ ਆਇਆ। ਉਹਨੇ ਵੀਰੇ ਵੱਲ ਇਸ਼ਾਰਾ ਕਰਦੇ ਕਿਹਾ, "ਵੀਰਾ ਤਾਂ ਲੱਤਾਂ ਢੱਕ ਕੇ ਬਾਹਰ ਨਹੀਂ ਜਾਂਦਾ, ਸਾਰਾ ਦਿਨ ਨਿੱਕਰ ਸ਼ਰਟ 'ਚ ਘੁੰਮਦਾ, ਲੋਕ ਏਹਦੇ ਬਾਹਰੋਂ ਵੀ ਗੱਲਾਂ ਕਰਦੇ ਹੋਣਗੇ ਮਾਂ.. ।"
ਉਹਦੀ ਮਾਂ ਨੇ ਉਸਦੇ ਮੋਢੇ ਤੇ ਪੋਲਾ ਜਾ ਮਾਰਦੇ ਕਿਹਾ, "ਬੰਦਿਆਂ ਦਾ ਕੀ ਆ, ਬੰਦੇ ਤਾਂ ਸੌ ਕੁਛ ਕਰਦੇ ਆ ਬਾਹਰ..।
ਉਹਨੇ ਮੱਥੇ ਤਿਉੜੀਆਂ ਪਾ ਮਾਂ ਵੱਲ ਝਾਕਦੇ ਕਿਹਾ, 'ਫਿਰ ਮੈਨੂੰ ਪਜਾਮੀ ਕਿਉਂ ਨਹੀਂ ਪਾਉਣ ਦਿੰਦਾ ਬਾਪੂ, ਉਹ ਤਾਂ ਸਾਰਾ ਸਰੀਰ ਢੱਕਦੀ ਏ।"
ਮਾਂ ਨੇ ਉਸਦੇ ਸਵਾਲਾਂ ਤੋਂ ਦੁਖੀ ਹੋਈ ਨੇ ਜਵਾਬ ਦਿੱਤਾ, 'ਤੇਰਾ ਬਾਪੂ ਕਹਿੰਦਾ ਕਿ ਨਾਚਾਰਾਂ ਦੇ ਪਾਈਆਂ ਹੁੰਦੀਆਂ...।
ਉਹਨੇ ਮਾਂ ਤੋਂ ਕੰਘਾ ਫੜ੍ਹਦੀ ਨੇ ਕਿਹਾ, 'ਜਦ ਆਪਾਂ ਨਾਨਕੀ ਛੱਕ ਭਾਗਸਰ ਗਏ ਸੀ ਤਾਂ ਡੀ.ਜੇ ਤੇ ਨੱਚਦੀ ਪਜਾਮੀ ਵਾਲੀ ਕੁੜੀ ਤੋਂ ਬਾਪੂ ਨੇ ਸ਼ਰਾਬ ਪੀ ਕੇ ਕਿੰਨੇ ਪੈਸੇ ਸੁੱਟ ਦਿੱਤੇ ਸੀ ਤੇ ਕੁੜੀ ਨੇ ਵਾਰ-ਵਾਰ ਅਨਾਊਸਮੈਂਟ ਵੀ ਕਰਾਈ ਸੀ ਕਿ ਸ਼ਰਾਬ ਪੀ ਕੇ ਸਟੇਜ 'ਤੇ ਨਾ ਚੜ੍ਹੋ... ਬਾਪੂ ਕਾਹਤੋਂ ਜਿੱਦ ਕਰਦੇ ਸੀ ਸਟੇਜ 'ਤੇ ਚੜ੍ਹਨ ਦੀ... ਸਿੱਖੀ ਚ ਇਹ ਕੁਛ ਕਦੋਂ ਲਿਖਿਆ...?
ਮਾਂ ਨੇ ਮੰਜੇ ਤੋਂ ਉੱਠਦੀ ਨੇ ਉਸਦੀ ਗੱਲ ਇੱਕ ਲਾਈਨ 'ਚ ਨਬੇੜ ਦਿੱਤੀ, “ਬਿਗਾਨੇ ਘਰ ਜਾ ਕੁਛ ਮਰਜੀ ਕਰਲੀ.. ਇੱਥੇ ਤੈਨੂੰ ਤੇਰੇ ਬਾਪ ਦੀ ਮੰਨਣੀ ਪਊ..।" ਉਹਨੇ ਗੁੱਤ 'ਤੇ ਰਬੜ ਪਾਉਂਦੀ ਨੇ ਚੌਂਤਰੇ ਵੱਲ ਚਾਹ ਧਰਨ ਜਾਂਦੀ ਮਾਂ ਨੂੰ ਕਿਹਾ, “ਅਗਾਂਹ ਵਾਲੇ ਵੀ ਐਂਵੇ ਹੀ ਹੋਏ... ਫੇਰ ?" ਮਾਂ ਕੋਲ ਕੋਈ ਜਵਾਬ ਨਹੀਂ ਸੀ ਤੇ ਉਹ ਗੱਲ ਅਣਸੁਣੀ ਕਰ ਚਾਹ ਬਣਾਉਣ ਲੱਗ ਪਈ। ਸ਼ਾਇਦ ਮਾਂ ਅੰਦਰ ਆਵਦੇ ਅਗਾਂਹ ਵਾਲਿਆਂ ਦਾ ਡਰ ਬੈਠਿਆ ਹੋਇਆ ਸੀ।