ਪੀੜ੍ਹ
ਹਾਲੇ ਮੰਜੇ 'ਤੇ ਆਣ ਬੈਠਾ ਹੀ ਸੀ ਕਿ ਉਹ ਪਾਣੀ ਦਾ ਗਿਲਾਸ ਲੈ ਸਿਰਹਾਣੇ ਖੜ੍ਹੀ ਸੀ। ਮੈਂ ਹੈਰਾਨ ਹੁੰਦਾ ਕਿ ਮੇਰੀ ਪਿਆਸ ਦਾ ਬਿਨ੍ਹਾਂ ਬੋਲੇ ਕਿਵੇਂ ਪਤਾ ਲੱਗ ਜਾਂਦਾ ਉਹਨੂੰ। ਮੈਂ ਜੇਬ ਫਰੋਲਣ ਲੱਗਦਾ ਤਾਂ ਉਹ ਆਖਦੀ ਕਿ ਸਿਰ ਦੁੱਖਦਾ, ਗੋਲੀ ਲੱਭ ਰਹੇ ਹੋ। ਮੈਂ ਆਖਦਾ ਕਿ ਕਾਗ਼ਜ਼ 'ਚ ਲਪੇਟ ਗੀਜੇ 'ਚ ਪਾਈ ਸੀ, ਕਿਧਰੇ ਡਿੱਗ ਗਈ ਹੋਨੀ ਏ। ਉਹ ਨੂੰਹ ਨੂੰ ਅਵਾਜ਼ ਮਾਰ ਕੇ ਆਖਦੀ ਕਿ ਆਵਦੇ ਬਾਪੂ ਜੀ ਨੂੰ ਗੋਲੀ ਲਿਆ ਦੇ ਅੰਦਰੋਂ ਪੁੱਤ.. ਸ਼ੀਸ਼ੀ ਸਬਾਤ 'ਚ ਪੇਟੀ 'ਤੇ ਪਈ ਏ... । ਨੂੰਹ ਗੋਲੀ ਲੈ ਕੇ ਆਉਂਦੀ ਤੇ ਮੈਂ ਗੋਲੀ ਲੈ ਕੇ ਪਾਣੀ ਪੀ ਕੇ ਬਾਹਰ ਜਾਣ ਲੱਗਦਾ ਤਾਂ ਉਹ ਆਖਦੀ ਕਿ ਬਿੰਦ ਘੜ੍ਹੀ ਆਰਾਮ ਤਾਂ ਕਰਲੋ .. ਜੇ ਸਿਰ ਦੁੱਖਦਾ.. ਕੰਮ ਤਾਂ ਹੋਈ ਜਾਣੇ ਆ...। ਮੈਂ ਉਸਨੂੰ ਹਮੇਸ਼ਾ ਵਾਂਗ ਅਣਸੁਣਾ ਕਰ ਬਾਹਰ ਨੂੰ ਚਲਾ ਜਾਂਦਾ। ਉਹ ਮਗਰੋਂ ਫ਼ਿਕਰ ਕਰਦੀ ਰਹਿੰਦੀ।
ਅੱਜ ਦੋ ਸਾਲ ਹੋ ਗਏ ਉਹਨੂੰ ਗਈ ਨੂੰ। ਮੈਂ ਬਾਹਰੋਂ ਆ ਕੇ ਮੰਜੇ 'ਤੇ ਬੈਠ ਕੇ ਇੰਤਜ਼ਾਰ ਕਰਦਾ ਕਿ ਉਹ ਆਵੇਗੀ ਪਾਣੀ ਦਾ ਗਿਲਾਸ ਲੈ ਕੇ। ਦੋ ਮਿੰਟ ਉਡੀਕਦਾ ਪਰ ਕੋਈ ਨਾ ਆਉਂਦਾ ਤੇ ਫਿਰ ਅੱਖਾਂ ਭਰ ਖੁਦ ਘੜ੍ਹੇ 'ਚੋਂ ਗਿਲਾਸ ਪਾਣੀ ਦਾ ਭਰ ਪੀ ਲੈਂਦਾ। ਉਸਦੇ ਜਾਣ ਤੋਂ ਬਾਅਦ ਰੋਜ਼ ਸਿਰ ਦਰਦ ਰਹਿੰਦਾ ਪਰ ਗੋਲੀ ਨਾ ਲੈਂਦਾ। ਇਹ ਦਰਦ ਉਸਦੇ ਵਿਛੜਨ ਦਾ ਏ ਜੋ ਮੈਂ ਰੋਜ਼ ਸਹਿੰਦਾ ਹਾਂ ਤੇ ਗੋਲੀਆਂ ਅਜਿਹੇ ਦਰਦ ਦਾ ਕਦੇ ਇਲਾਜ ਨਹੀਂ ਬਣਦੀਆਂ।