"ਬਾਬਾ, ਅਸੀਂ ਕਾਫੀ ਰਸਤਾ ਪਾਰ ਕਰ ਲਿਆ ਹੋਵੇਗਾ, ਕਿ ਨਹੀਂ?" ਸੇਓਮਕਾ ਨੇ ਪੁੱਛਿਆ।
"ਦੇਖ ਰਿਹਾ ਹਾਂ, ਇੱਥੇ ਖਾਣ-ਪੀਣ ਨੂੰ ਘੱਟ ਨਹੀਂ ਮਿਲਦਾ ਹੈ, ਮਤਲਬ ਰੂਸ ਕੋਲ ਪਹੁੰਚ ਰਹੇ ਹਾਂ। ਜਦੋਂ ਪਹਾੜ ਪਾਰ ਕਰ ਲਵਾਂਗੇ, ਤਾਂ ਉੱਥੋਂ ਹੋਰ ਵੀ ਘੱਟ ਮਿਲੇਗਾ, ਇਸ ਲਈ ਤਾਂ ਕਹਿੰਦਾ ਹਾਂ ਜਲਦੀ ਕਰ ! ਰੂਸ ਵਿੱਚ ਲੋਕ ਪੈਸੇ ਦੇ ਭੁੱਖੇ ਹਨ ਤੇ ਤੇਰੀ ਤੇ ਮੇਰੀ ਜੇਬ ਖਾਲੀ ਹੈ: ਇਸ ਲਈ ਬੱਸ, ਜਿੱਥੇ ਮਨ ਕਰੇ ਸੌਣਾ, ਜੋ ਦਿਲ ਕਰੇ ਖਾਣਾ । ਸਾਇਬੇਰੀਆ ਵਿੱਚ ਤਾਂ ਭਰਾਵਾ, ਲੋਕ ਚੰਗੇ ਨੇ। ਪਰ ਉਹਨਾਂ ਦੀ ਭਲਾਈ ਵੀ ਸਾਡੇ ਰਾਹ ਗਲੇ 'ਚ ਅੜਕਦੀ ਹੈ। ਚੱਲ, ਬੇਟਾ ਜਲਦੀ ਚੱਲ !"
ਸੜਕ ਦੇ ਇੱਕ ਪਾਸੇ ਗੱਡੀਆਂ ਖੜੀਆਂ ਸਨ । ਚਾਰੇ ਪਾਸੇ ਹਨੇਰਾ ਤੇ ਠੰਡ ਸੀ। ਗੱਡੀਆਂ ਕੋਲ ਮੱਚ ਰਹੀ ਧੂਣੀ ਦੀ ਅੱਗ ਮੁਸਾਫ਼ਿਰਾਂ ਨੂੰ ਆਪਣੇ ਵੱਲ ਖਿੱਚ ਰਹੀ ਸੀ। ਗੱਡੀ ਨਾਲ਼ੋਂ ਖੋਲ ਦਿੱਤੇ ਗਏ ਘੋੜੇ ਹਨੇਰੇ 'ਚ ਮੈਦਾਨ 'ਚ ਭਟਕ ਰਹੇ ਸਨ । ਸਰਦ ਰੁੱਤ ਦਾ ਮੁਰਝਾਇਆ ਘਾਹ-ਫੂਸ ਖਾ ਰਹੇ ਸਨ। ਗੱਡੀਆਂ ਦੇ ਬੰਬੂ ਉੱਚੇ ਉੱਠੇ ਹੋਏ ਸਨ, ਕਿਸਾਨ ਅੱਗ ਮਚਾ ਕੇ ਹੱਥ ਸੇਕ ਰਹੇ ਸਨ ਤੇ ਖਾਣਾ ਬਣਾ ਰਹੇ ਸਨ।
"ਰੱਬ ਤੈਨੂੰ ਖੂਬ ਰੋਟੀ-ਲੂਣ ਦੇਵੇ ।" ਧੂਣੀ ਕੋਲ ਜਾਂਦੇ ਹੋਏ ਬੁੱਢੇ ਨੇ ਕਿਹਾ, "ਜ਼ਰਾ ਅੱਗ ਸੇਕ ਲੈਣ ਦਿਓ, ਭਾਈਓ।”
"ਬੈਠ ਜਾਹ।” ਉਦਾਸੀਨ ਅਵਾਜ਼ਾਂ ਵਿੱਚ ਜਵਾਬ ਮਿਲਿਆ।
ਬੁੱਢੇ ਨੇ ਹੱਥ ਅੱਗੇ ਵਧਾ ਲਏ। ਸੇਓਮਕਾ ਵੀ ਨੇੜੇ ਹੋ ਗਿਆ। ਉਸਦੇ ਗਿੱਲੇ ਕੱਪੜੇ ਛੇਤੀ ਹੀ ਗਰਮ ਹੋ ਗਏ ਤੇ ਪਿੱਠ 'ਤੇ ਹਲਕੀ ਜਿਹੀ ਝਰਨਾਹਟ ਦੌੜ ਗਈ।
"ਕਿੱਥੋਂ ਆ ਰਹੇ ਓ ?" ਉੱਥੇ ਬੈਠੇ ਲੋਕਾਂ ਵਿੱਚੋਂ ਇੱਕ ਨੇ ਅਣਜਾਣ ਬਜ਼ੁਰਗ ਦੇ ਚਿਹਰੇ ਵੱਲ ਧਿਆਨ ਨਾਲ ਦੇਖਦੇ ਹੋਏ ਪੁੱਛਿਆ।
"ਬੜੀ ਦੂਰੋਂ ਆਏ ਹਾਂ। ਘਰੀਂ ਜਾ ਰਹੇ ਹਾਂ।"
"ਮੁੰਡਾ ਤੇਰਾ ਏ ?”
"ਨਹੀਂ, ਰਸਤੇ 'ਚ ਮਿਲ ਗਿਆ । ਸਾਇਬੇਰੀਆ ਵਸਣ ਜਾ ਰਹੇ ਸੀ ਇਹਦੇ ਮਾਂ-ਪਿਓ। ਯਤੀਮ ਹੋ ਗਿਆ।"
“ਦੇਖੋ ਤਾਂ ਵਿਚਾਰਾ ਕਿਵੇਂ ਭਿੱਜ ਗਿਆ ਏ!"
ਸੇਓਮਕਾ ਵੱਲ ਸਾਰਿਆਂ ਦਾ ਧਿਆਨ ਗਿਆ। ਉਹ ਅੱਗ ਦੇ ਬਿਲਕੁਲ ਕੋਲ ਹੀ ਬੈਠਾ ਸੀ, ਤੇ ਠੰਡ ਨਾਲ ਕੰਬਦੇ ਹੋਏ ਦੇਖ ਰਿਹਾ ਸੀ ਕਿ ਕਿਵੇਂ ਧੂਣੀ ਵਿੱਚ ਲੱਕੜਾਂ ਮੱਚ ਰਹੀਆਂ ਹਨ, ਕਿਵੇਂ ਹਵਾ 'ਚ ਚਿੱਟਾ ਧੂੰਆਂ ਉੱਡ ਰਿਹਾ ਹੈ, ਤੇ ਕਿਵੇਂ ਪਤੀਲੇ ਵਿੱਚ ਬਣ ਰਹੇ ਖਾਣੇ ਵਿੱਚੋਂ ਭਾਫ਼ ਉੱਠ ਰਹੀ ਹੈ, ਸ਼ੂ-ਸ਼ੂ ਹੋ ਰਹੀ ਹੈ।
“ਅੱਛਾ, ਤਾਂ ਯਤੀਮ ਹੈ ?" ਕਿਸਾਨਾਂ ਨੇ ਪੁੱਛਿਆ ਤੇ ਫਿਰ ਤੋਂ ਸੇਓਮਕਾ ਵੱਲ ਦੇਖਣ ਲੱਗੇ।