ਸਾਡੇ ਜਨਣ ਅੰਗਾਂ, ਪ੍ਰਜਨਣ ਕਿਰਿਆ ਅਤੇ ਬੱਚੇ ਦਾ ਸਰੀਰ ਮਾਂ ਦੇ ਪੇਟ ਵਿੱਚ ਹੀ ਬਹੁਤ ਸੋਹਲ ਹੁੰਦੇ ਹਨ। ਇਸ ਕਾਰਨ ਇਹਨਾਂ ਉੱਤੇ ਹੀ ਜ਼ਹਿਰਾਂ ਦਾ ਅਸਰ ਸਭ ਤੋਂ ਪਹਿਲਾਂ ਹੁੰਦਾ ਹੈ। 9-10 ਸਾਲ ਦੀਆਂ ਬੱਚੀਆਂ ਨੂੰ ਮਾਹਵਾਰੀ ਸ਼ੁਰੂ ਹੋਣਾ ਜਾਂ ਛਾਤੀ ਦੀਆਂ ਗੱਠਾਂ ਬਣਨਾ, ਮੁੰਡਿਆਂ ਵਿੱਚ ਜਵਾਨੀ ਦੀ ਆਮਦ ਲੇਟ ਹੋਣੀ, ਔਰਤਾਂ ਵਿੱਚ ਮਾਹਵਾਰੀ ਸਬੰਧੀ ਸਮੱਸਿਆਵਾਂ ਦਾ ਵਧਣਾ, ਅੰਡਕੋਸ਼ਾਂ ਜਾਂ ਬੱਚੇਦਾਨੀ ਦੀਆਂ ਗੱਠਾਂ-ਰਸੌਲੀਆਂ ਦਾ ਵਧਣਾ, ਬੇਔਲਾਦ ਜੋੜਿਆਂ ਦੀ ਗਿਣਤੀ ਵਿੱਚ ਕਈ ਗੁਣਾਂ ਦਾ ਵਾਧਾ, ਗਰਭ ਡਿੱਗ ਜਾਣਾ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋ ਜਾਣਾ, ਮਰੇ ਹੋਏ ਬੱਚੇ ਪੈਦਾ ਹੋਣਾਂ ਜਾਂ ਜੰਮਣ ਉਪਰੰਤ ਕੁੱਝ ਹੀ ਸਮੇਂ ਬਾਅਦ ਮਰ ਜਾਣਾ, ਮਰਦਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘਟਣਾ ਇਹ ਸਾਰੀਆਂ ਅਲਾਮਤਾਂ ਪਿਛਲੇ ਵੀਹਾਂ-ਤੀਹਾਂ ਦੌਰਾਨ ਹੀ ਕਈ ਗੁਣਾਂ ਵਧ ਗਈਆਂ ਹਨ।
ਅੱਜ ਪੰਜਾਬ ਦੇ ਹਰੇਕ ਪਿੰਡ 5 ਤੋਂ 20 ਜੋੜੇ ਬੇਔਲਾਦ ਪਾਏ ਜਾ ਰਹੇ ਹਨ। ਇੰਨੇ ਕੁ ਹੀ ਅਜਿਹੇ ਜੋੜੇ ਵੀ ਹਨ ਜਿਹਨਾਂ ਨੂੰ ਵੱਡੇ-ਵੱਡੇ ਡਾਕਟਰਾਂ ਤੋਂ ਮਹਿੰਗੇ-ਮਹਿੰਗੇ ਇਲਾਜ਼ ਕਰਵਾ ਕੇ ਹੀ ਔਲਾਦ ਦਾ ਸੁਖ ਨਸੀਬ ਹੋਇਆ ਹੈ। ਲਗਪਗ 20 ਤੋਂ 50 ਫੀਸਦੀ ਔਰਤਾਂ ਵਿੱਚ ਬੱਚਾ ਠਹਿਰਣ ਉਪਰੰਤ ਗਰਭਪਾਤ ਹੋ ਜਾਂਦਾ ਹੈ ।