Back ArrowLogo
Info
Profile

ਦੋ ਸ਼ਬਦ

ਗੁਰੂ-ਪਾਤਿਸ਼ਾਹਾਂ ਨੇ ਗੁਰਬਾਣੀ ਦਾ ਜੋ ਅਮੋਲਕ ਖਜ਼ਾਨਾ ਮਨੁੱਖ-ਮਾਤਰ ਵਾਸਤੇ ਬਖਸ਼ਿਸ਼ ਕੀਤਾ, ਉਹ ਉਦੋਂ ਤੋਂ ਹੀ ਵਰਤਦਾ ਆ ਰਿਹਾ ਹੈ। ਲੋਕ-ਪ੍ਰਲੋਕ ਵਿਚ ਸਹਾਈ ਗੁਰਬਾਣੀ ਵਿਚ ਵਿਦਮਾਨ ਗੁਰਮਤਿ ਫਲਸਫੇ ਤੇ ਅਨੁਭਵ ਨੂੰ ਗੁਰੂ-ਘਰ ਦੇ ਗ੍ਰੰਥੀ-ਪਾਠੀ-ਜਨ, ਗੁਰਮਤਿ, ਕੀਰਤਨੀਏਂ, ਲੈਕਚਰ ਕਰਨ ਵਾਲੇ ਗੁਰੂ ਪਿਆਰੇ, ਲਿਖਾਰੀ, ਲੇਖਕ ਤੇ ਕਵੀ-ਜਨ, ਸਟੀਕ-ਕਰਤਾ ਭਾਵ ਟੀਕਾਕਾਰ, ਕਥਾਕਾਰ ਤੇ ਵਖਿਆਨ ਦੇਣ ਵਾਲੇ ਗੁਰਮੁਖ ਪਿਆਰੇ ਆਪਣੇ-ਆਪਣੇ ਢੰਗ ਅਥਵਾ ਜੁਗਤ ਦਾ ਸਦਕਾ ਗੁਰੂ-ਪਿਆਰੀਆਂ ਸਿੱਖ ਸੰਗਤਾਂ ਨਾਲ ਸਾਂਝਾ ਕਰ ਰਹੇ ਹਨ। ਗੁਰੂ-ਘਰ ਦੇ ਪ੍ਰਵਾਨਿਤ ਵਖਿਆਨ ਦੇਣ ਵਾਲੇ ਕਥਾਕਾਰ ਗਿਆਨੀ ਮਾਨ ਸਿੰਘ ਝੌਰ ਗੁਰੂ-ਘਰ ਦੇ ਆਕਾਸ਼ ਦੇ ਐਸੇ ਹੀ ਇਕ ਟਿਮਟਿਮਾਉਂਦੇ ਤਾਰੇ ਕਹੇ ਜਾ ਸਕਦੇ ਹਨ। ਗਿਆਨੀ ਜੀ ਦੀ ਕਥਾ ਤੇ ਵਖਿਆਨ ਦਾ ਗੁਰੂ-ਕਿਰਪਾ ਸਦਕਾ ਮੌਲਿਕ ਢੰਗ ਰਿਹਾ ਹੈ। ਪਰਮ ਪਾਵਨ ਗੁਰਬਾਣੀ ਦੀ ਟੇਕ ਲੈਂਦਿਆਂ ਗੁਰੂ-ਘਰ ਦੇ ਚੋਟੀ ਦੇ ਸਰਵ ਪ੍ਰਵਾਨਿਤ ਵਿਦਵਾਨਾਂ, ਜੈਸੇ ਕਿ ਭਾਈ ਗੁਰਦਾਸ ਜੀ ਦਵਾਰਾ ਰਚੀਆਂ ਵਾਰਾਂ ਤੇ ਕਬਿੱਤ ਸਵੱਈਆਂ ਆਦਿ ਦੇ ਗੁਰਮਤਿ ਅੰਤਰੀਵ ਭਾਵ ਨੂੰ ਵੀ ਸਿੱਖ ਸੰਗਤਾਂ ਤਕ ਪਹੁੰਚਾਉਣਾ ਤੇ ਦ੍ਰਿੜ੍ਹਾਉਣਾ ਆਪ ਜੀ ਦੀ ਕਥਾ ਤੇ ਵਖਿਆਨ ਦਾ ਮੂਲ ਖਾਸਾ ਰਿਹਾ ਹੈ। ਉਨ੍ਹਾਂ ਦਾ ਵਿਆਪਕ ਜੀਵਨ-ਤਜਰਬਾ ਤੇ ਡੂੰਘਾ ਅਨੁਭਵ, ਉਰਦੂ ਦੀ ਚੋਣਵੀਂ ਸ਼ਾਇਰੀ ਦੀ ਵਾਕਫ਼ੀਅਤ ਤੇ ਵਿਭਿੰਨ ਸ੍ਰੋਤਾਂ ਤੋਂ ਹਾਸਲ ਕੀਤੀ ਕਥਾ-ਸਾਹਿਤ ਦੀ ਜਾਣਕਾਰੀ ਉਨ੍ਹਾਂ ਦੀ ਕਥਾ ਤੇ ਵਖਿਆਨ ਦਾ ਇਕ ਅਨਿੱਖੜ ਤੇ ਸਹਿਜ ਅੰਗ ਹੈ। ਗੁਰੂ ਸਾਹਿਬਾਨ ਤੇ ਗੁਰੂ-ਘਰ ਦੇ ਮਹਾਂ ਪ੍ਰੀਤਵਾਨ ਭੌਰਿਆਂ ਦੀ ਗੱਲ ਕਰਦਿਆਂ ਗਿਆਨੀ ਜੀ ਖਾਸ ਵਜਦ ਤੇ ਆਵੇਸ਼ ਵਿਚ ਵਿਚਰਨ ਲਗਦੇ ਹਨ ਤੇ ਉਨ੍ਹਾਂ ਦੀ ਮਾਖਿਓਂ ਵਰਗੀ ਮਿੱਠੀ ਜ਼ਬਾਨ ਵਿਚ ਹੋਰ ਮਿਠਾਸ ਆ ਜਾਂਦੀ ਹੈ। ਉਨ੍ਹਾਂ ਦਾ ਪਰਮ ਮਨੋਰਥ ਸਿੱਖ ਸੰਗਤ ਨੂੰ ਸਿੱਖੀ ਵਿਚ ਤ੍ਰਿਪਤ ਰਹਿਣ ਹਿੱਤ ਪ੍ਰੇਰਿਤ ਕਰਨਾ ਹੈ।

ਹੱਥਲੀ ਪੁਸਤਕ 'ਗੋਬਿੰਦ ਹਮ ਐਸੇ ਅਪਰਾਧੀ॥' ਵਿਚ ਉਨ੍ਹਾਂ ਦੇ ਬੋਲੇ ਕੁਝ ਪ੍ਰਮੁੱਖ ਲੈਕਚਰਾਂ ਦੀਆਂ ਕੈਸਟਾਂ ਦਾ ਉਤਾਰਾ ਹੈ, ਜੋ ਮੈਂ ਹੂ-ਬ-ਹੂ ਲਿਖਣ ਦੀ ਕੋਸ਼ਿਸ਼ ਕੀਤੀ ਹੈ।

2 / 78
Previous
Next