

ਵਜ਼ੀਰ-
ਕਰ ਸਮਝ ਸਕਤੁ, ਬੋਲ ਨਾਹੀਂ, ਕਹੇ ਸ੍ਵਾਮੀ ਸੋ ਕਰੋ ।
ਨਾ ਬੋਲ ਬੋਲੋ ਉੱਚੜੇ, ਪੇ ਸ਼ਰਨ, ਅਪਦਾ ਨੂੰ ਹਰੋ।
ਸੈਨਾਂਪਤਿ-
ਹੋ ਗਿਆ ਹੈ ਰਾਇ ਨੂੰ ਕਿੱਸਾ ਮੁਹੱਬਤ ਦਾ ਪ੍ਰਕਾਸ਼ ।
ਮੀਰ ਜੀ ! ਹੁਣ ਲਕ ਨਹੀਂ, ਹੈ ਹਾਰ ਅੰਦਰ ਬਖਸ਼ ਆਸ।
ਮੀਰ ਸ਼ਿਕਾਰ-
ਹੇ ਰਾਇ ਜੀ । ਏ ਦੋਸ਼ ਹੈ ਯਾ ਦੋਸ਼ ਕੋਈ ਹੋਰ ਹੈ ?
ਜੇ ਦਾਸ ਨੂੰ ਏ ਪਤਾ ਹੋਵੇ, ਦਏ ਕਿੱਸਾ ਫੇਰ ਹੈ।
ਰਾਜਾ-
ਚਲੋ ਕਪਟ ਵਾਲੇ ਨ ਚਾਲਾਂ ਦਿਖਾਓ।
ਕੀ ਏ ਦੋਸ਼ ਥੋੜਾ ਹੈ ? ਦੁਸ਼ਮਨ ਰਿਝਾਓ ।
ਨਹੀਂ ਹੋਰ ਕੋਈ, ਤਾਂ ਕੀ ਏ ਨਹੀਂ ਹੈ ?
ਜੇ ਏ ਹੈ ਤਾਂ ਫਿਰ ਹੋਰ ਬਾਕੀ ਰਹੀ ਹੈ ?
ਮੀਰ ਸ਼ਿਕਾਰ-
ਨਹੀਂ ਵੈਰੀ ਹੈ ਉਹ ਰਾਜਾ ! ਜੋ 'ਕਲਗੀ-ਸੀਸ-ਧਾਰੀ' ਹੈ।
ਪ੍ਰੀਤਮ ਹੈ ਸਰਿਸ਼ਟੀ ਦਾ, ਸਰਿਸ਼ਟੀ ਓਸ ਪਿਆਰੀ ਹੈ।
ਹੈ ਸੀਨਾਂ ਸਾਫ, ਦਿਲ ਨਿਰਮਲ, ਬਿਰਾਜੇ ਹੈ ਪ੍ਰਭੂ ਓਥੇ,
ਨਾ ਭੈ ਕੀਨਾ ਵਸੇ ਓਥੇ, ਮੁਹੱਬਤ ਦੀ ਕਿਆਰੀ ਹੈ।
ਜਗਤ ਤਾਰਨ ਜਗੱਤ ਆਯਾ, ਪ੍ਰਜਾ ਦੁਖ ਦੂਰ ਕਰਨੇ ਨੂੰ ।
ਜੋੜਨ ਸ੍ਰਿਸ਼ਟ ਨੂੰ ਸ੍ਰਿਸ਼ਟੇ, ਸਦਾ ਉਪਕਾਰ ਜਾਰੀ ਹੈ।