

25
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਅੰਮ੍ਰਿਤਸਰ
२੮. १,३੭
ਪਯਾਰੇ ਬਰਖ਼ੁਰਦਾਰ ਜੀਓ
ਮੈਨੂੰ ਆਪ ਦਾ ਲਿਖਿਆ ਪੱਤਰ ਪਾਰਸਲ ਵਿਚ ਪਿਆ ਅੱਜ ਮਿਲਿਆ ਹੈ।
ਆਪ ਜੀ ਦੇ ਬਜ਼ੁਰਗ ਪਿਤਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮੈਨੂੰ ਨਹੀਂ ਮਿਲੀ, ਮੇਰੇ ਨੇੜੇ ਨੇੜੇ ਕਈ ਲੋਕ ਲੰਘੇ ਪਰ ਕਿਸੇ ਮੇਰੇ ਨਾਲ ਜ਼ਿਕਰ ਨਹੀਂ ਕੀਤਾ । ਪਰਸੋਂ ਮੈਨੂੰ ਸੁਧ ਪਈ ਹੈ, ਆਪ ਦਾ ਪੱਤ੍ਰ ਭਾਈ ਸੇਵਾ ਸਿੰਘ ਜੀ ਦੇ ਨਾਮ ਆਯਾ ਸੀ ਤੇ ਓਹ ਬਾਹਰ ਗਏ ਹੋਏ ਸਨ । ਕਲ ਮੈਂ ਆਪ ਤੇ ਆਪ ਦੇ ਭ੍ਰਾਵਾਂ ਜੋਗ ਤਾਰ ਦਿਤੀ ਸੀ ਸ਼ਾਯਦ ਪੁਜ ਗਈ ਹੋਊ ।
ਆਪ ਦੇ ਧਰਮ ਭਾਵ ਨਾਲ ਪੂਰਤ ਪਿਤਾ ਜੀ ਮੇਰੇ ਬਹੁਤ ਦੇਰ ਦੇ ਸੱਜਣ ਸਨ ਤੇ ਉਨ੍ਹਾਂ ਦੇ ਵਿਛੋੜੇ ਦਾ ਮੈਨੂੰ ਦਰਦ ਹੈ । ਪਰੰਤੂ ਉਨ੍ਹਾਂ ਦਾ ਜੀਵਨ ਖਰਾ ਖਰਾ ਸੀ ਚਾਹੇ ਓਹ ਖ਼ੁਰਦਰੇ-ਪਨ ਤੇ ਪਹੁੰਚ ਜਾਂਦਾ ਸੀ, ਪਰ ਸੀ ਖਰਾ ਤੇ ਨੇਕ ਤੇ ਸੱਚ ਦੇ ਕੇਂਦ੍ਰ ਦੇ ਦੁਆਲੇ ਭੌਣ ਵਾਲਾ । ਹੁਣ ਪੈਨਸ਼ਨ ਲੈ ਕੇ ਨਾਮ ਵਲ ਬੀ ਝੁਕ ਗਏ ਸਨ ਤੇ ਇਸ ਵਿਸ਼ੇ ਵਿਚ ਪੱਤਰ ਬਿਵਹਾਰ ਤੇ ਮਿਲ ਕੇ ਜ਼ਬਾਨੀ ਬਹੁਤ ਕੁਛ ਪੁੱਛਿਆ ਤੇ ਮੁਸ਼ਕਲਾਂ ਹਲ ਕਰਿਆ ਕਰਦੇ ਸਨ । ਇਸ ਕਰ ਕੇ ਇਹ ਖਯਾਲ ਸੁਖ ਦੇਂਦਾ ਹੈ ਕਿ ਉਨ੍ਹਾਂ ਦੀ ਆਤਮਾ ਸੁਹਣੇ ਸੁਖ ਵਿਚ ਗਈ ਹੋਸੀ । ਆਪ ਸਾਰੇ ਸਿਆਣੇ ਹੋ ਤੇ ਕਮਾਈ ਦੀ ਉਮਰਾ ਵਿਚ ਹੋ, ਪਰ ਪਿਤਾ ਦੀ ਮਿਹਰ ਤੇ ਪਯਾਰ ਇਕ ਦੁਰਲਭ ਵਸਤੂ ਹੈ। ਮੈਨੂੰ ਉਨ੍ਹਾਂ ਦੀ ਬ੍ਰਿਧ ਮਾਤਾ ਜੀ ਦੇ ਹਿਰਦੇ ਦੀ ਕੋਮਲਤਾ ਦਾ ਖਯਾਲ ਆਉਂਦਾ ਹੈ ਕਿ ਉਥੇ ਵਿਜੋਗ ਦੀ ਸੱਟ ਬਹੁਤ ਦੁਖਦਾਈ ਹੋਈ ਹੋਸੀ । ਇਸ ਟਿਕਾਣੇ ਆਪ ਤ੍ਰੈਹਾਂ ਭਰਾਵਾਂ ਦਾ ਫਰਜ਼ ਹੈ ਕਿ ਉਨ੍ਹਾਂ ਨੂੰ ਬਹੁਤ ਪਿਆਰ ਕਰੋ ਤੇ ਉਨ੍ਹਾਂ ਦੇ ਬਿਰਧਾਪਨ ਦੇ ਦਿਨ ਸਦਾ ਪਯਾਰ ਭਰੀ ਸੇਵਾ ਨਾਲ ਗੁਰਬਾਣੀ ਤੇ ਨਾਮ ਦੇ ਪ੍ਰੇਮ ਵਿਚ ਬਸਰ ਹੋਣ ਵਿਚ ਸਹਾਈ ਹੋਵੇ ਤੇ ਓਹ ਕਿਸੇ ਗਲੇ ਔਖੇ ਨਾ ਹੋਣ ।
ਵਾਹਿਗੁਰੂ ਵਿਛੁੜੇ ਪਯਾਰੇ ਨੂੰ ਅਪਨੇ ਚਰਨਾਂ ਕਮਲਾਂ ਦੀ ਛਾਵੇਂ ਡੇਰਾ ਬਖ਼ਸ਼ੇ ਤੇ ਆਪ ਸਾਰਿਆਂ ਨੂੰ ਧੀਰਜ, ਭਾਣਾ ਮੰਨਣ ਦੀ ਦਾਤ ਤੇ ਸਿੱਖੀ ਸਿਦਕ ਦਾਨ ਕਰੇ । ਮੇਰੀ ਦਿਲੀ ਹਮਦਰਦੀ ਆਪ ਨਾਲ ਹੈ । ਤੁਸਾਂ ਤਿੰਨਾਂ ਭਰਾਵਾਂ ਨੇ ਆਪੋ ਵਿਚ ਪਯਾਰ ਤੇ ਮੁਹਬਤ ਨਾਲ ਸੰਬੰਧ ਰਖਣਾ । ਸੰਸਾਰ ਦਾ ਸੁਖ ਤੇ ਪਰਮਾਰਥ ਦਾ ਸੁਖ ਇਸ ਵਿਚ ਹੁੰਦਾ ਹੈ ।
ਆਪ ਸਭਨਾਂ ਦੇ ਦਰਦ ਵਿਚ ਦਰਦੀ
ਵ. ਸ.