- ਭਾਈ ਧ੍ਯਾਨ ਸਿੰਘ ਨੇ ਬਿਸ਼ੰਭਰ ਦੀ ਸਹਾਇਤਾ ਕਰਦਿਆਂ ਅਪਣਾ ਹਾਲ ਦੱਸਿਆ ਕਿ ਬਚਨ ਲੈਣ ਦੇ ਬਾਦ ਮੇਰੇ ਤੇ ਮੇਰੀ ਇਸਤ੍ਰੀ ਦੇ ਦਿਲ ਨੈਣ ਆਪ ਦੇ ਇਲਾਹੀ ਦੈਵੀ ਸਰੂਪ ਨਾਲ ਸਰਸਾਰ ਹੋ ਗਏ ਹਨ। ਨਾਲੇ ਮੇਰੇ ਘਰ ਧਨ ਦਾ ਵਾਧਾ ਹੋਯਾ ਹੈ। ਹਲ ਵਾਹੁੰਦਿਆ ਕੁਛ ਦੱਬਿਆ ਧਨ ਪ੍ਰਾਪਤ ਹੋ ਗਿਆ। ਜਿਸ ਨਾਲ ਮੈਂ ਗਹਿਣਾ ਤੇ ਘਰ ਜੋ ਕੁਛ ਗਹਿਣੇ ਧਰਿਆ ਸੀ ਛੁਡਾ ਲਿਆ ਤੇ ਹੋਰ ਗੁਜ਼ਰਾਨ ਸੋਖੀ ਹੋ ਗਈ। ਹੁਣ ਮੇਰੇ ਨਾਮ ਵਿਚ ਰਸ ਪੈ ਗਿਆ ਹੈ ਤੇ ਹਰ ਤਰ੍ਹਾਂ ਸੁਖੀ ਹੋ ਗਿਆ ਹਾਂ। ਉਸ ਲੱਭੇ ਧਨ ਦਾ ਦਸਵੰਧ ਸੇਵਾ ਵਿਚ ਹਾਜ਼ਰ ਹੈ। ਸਤਿਗੁਰੂ ਜੀ ਦੀ ਖੁਸ਼ੀ ਹੁਣ ਧ੍ਯਾਨ ਸਿੰਘ ਪਰ ਹੋਰ ਬਹੁਤ ਹੋਈ ਕਿ ਜਿਸ ਨੇ ਗੁਰੂ ਕੇ ਵਾਕ ਨੂੰ ਅਮੁੱਲ ਫੁਰਮਾਣੂ ਸਮਝ ਕੇ ਇਕ ਸਿਦਕ ਹੀਨ ਪਾਸ ਰਹਿਣ ਦੇਣਾ ਬੇਅਦਬੀ ਸਮਝੀ ਤੇ ਐਤਨੀ ਕੁਰਬਾਨੀ ਕੀਤੀ ਕਿ ਇਸਤ੍ਰੀ ਦਾ ਗਹਿਣਾ ਤੇ ਘਰ ਕੋਠਾ ਗਹਿਣੇ ਪਾਕੇ ਬੀ ਵਾਕ ਨੂੰ ਪ੍ਰਾਪਤ ਕਰ ਲਿਆ ਤੇ ਸਿਦਕੋ ਗਿਰੇ ਦੀ ਬਣਿਕ ਬ੍ਰਿਤੀ ਸੰਤੁਸ਼ਟ ਕਰ ਦਿੱਤੀ। ਇਹ ਸਿਦਕ, ਇਹ ਕੁਰਬਾਨੀ ਤੇ ਇਹ ਪ੍ਰੇਮ ਦੇਖਕੇ ਗੁਰੂ ਜੀ ਉਸ ਪਰ ਬਹੁਤ ਤੁੱਠੇ।
ਹਰਿਗੁਪਾਲ ਤੇ ਬੀ ਨਾਮ ਦੀ ਮਿਹਰਾਮਤ ਹੋ ਗਈ ਸੀ, ਉਸ ਦਾ ਸਿਦਕ ਖੜੋ ਗਿਆ ਸੀ ਸੇ ਸਾਰਾ ਪਰਿਵਾਰ ਵਰ ਪ੍ਰਾਪਤ ਹੋਕੇ ਘਰਾਂ ਨੂੰ ਗਏ।
ਗੁਰੂ ਮਿਹਰ ਕਰੇ ਕਿ ਸਾਡਾ ਤੁਹਾਡਾ ਸਭ ਦਾ ਸਿਦਕ ਪੱਕਾ ਹੋਵੇ ਤੇ ਨਾਮ ਦੀ ਦਾਤ ਅਖੁੱਟ ਭੰਡਾਰਿਆਂ ਤੋਂ ਪ੍ਰਾਪਤ ਹੋਵੇ ਤੇ ਪ੍ਰਾਪਤ ਰਹੇ।
ਆਖੋ
ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ
ਹਲਤ ਪਲਤ ਸਵਾਰਨ ਹਾਰ
- ਇਤਿ:-