"ਅਮੀਰ ਖਾਂ ਤੂੰ ਲਾਹੌਰ ਵਾਲਿਆਂ ਦੀ ਛਾਉਣੀ ਵਿਚ ਏਂ, ਤੈਨੂੰ ਤੇ ਤੇਰੇ ਸਾਥੀ ਮਾਰ ਕੇ ਸੁੱਟ ਗਏ, ਤੇਰੀ ਬੇਗਮ ਲੈ ਕੇ ਨੱਸ ਗਏ, ਉਹ ਤੇ ਹੁਣ ਹਰਨਾਂ ਦੇ ਸਿੰਗੀ ਚੜ੍ਹ ਗਏ ਹੋਣੇ ਨੇ। ਅਮੀਰ ਖਾਂ ਡਰਨ ਦੀ ਕੋਈ ਗੱਲ ਨਹੀਂ, ਜਵਾਨ ਬਣ. ਹਿੰਮਤ ਤੋਂ ਕੰਮ ਲੈ। ਅਸੀਂ ਪੰਜਾਬੀ ਤੇਰੀ ਪੂਰੀ ਮਦਦ ਕਰਾਂਗੇ। ਤੂੰ ਸਾਡੇ ਘਰ ਆ ਗਿਆ ਏ ਇਸ ਲਈ ਹੁਣ ਤੂੰ ਸਾਡੀ ਸੱਜੀ ਬਾਂਹ ਬਣ ਗਿਆ ਏ। ਤੇਰੀ ਬੇਗਮ ਨੂੰ ਤੇਰਾ ਸਰਦਾਰ ਲੈ ਗਿਆ ਏ। ਕੀ ਨਾਂ ਏ ਤੇਰੇ ਸਰਦਾਰ ਦਾ।" ਦੀਵਾਨ ਮੋਹਕਮ ਚੰਦ ਬੋਲ ਰਿਹਾ ਸੀ।
"ਅਲੀ ਖਾਂ ਦੇ ਇਹ ਸਭ ਕਾਰੇ ਹਨ, ਪਵਾੜੇ ਹੱਥੇ ਨੇ ਨਵੀਂ ਛਛੂੰਦਰ ਛੇੜ ਦਿਤੀ ਏ. ਅਲੀ ਖਾਂ ਨੂੰ ਪਟੋਲੇ ਵਰਗੀ ਰੰਨ ਮਿਲ ਗਈ ਉਹਨੂੰ ਉਹਦੇ ਨਾਲ ਸਬਰ ਨਹੀਂ ਆਇਆ। ਮੈਂ ਤੇ ਅੱਧ-ਖੜ ਤੇ ਹੱਥ ਰਖਿਆ ਸੀ ਉਹ ਵੀ ਉਹਦੀ ਅੱਖ ਵਿਚ ਕੁਕਰਾ ਬਣ ਕੇ ਰੜਕ ਪਈ। ਬੁਰਾ ਕੀਤਾ ਈ ਅਲੀ ਖਾਂ, ਸਾਰੀ ਉਮਰ ਤੇਰੇ ਤੇ ਜਾਨ ਦਿੰਦੇ ਰਹੇ। ਅਛਾ ਅਲੀ ਖਾਂ ਹੁਣ ਅਸੀਂ ਤੇਰੇ ਨਾਲ ਨਿਬੜ ਕੇ ਵਿਖਾਵਾਂਗੇ।" ਦੀਵਾਨ ਮੁਹਕਮ ਚੰਦ ਨੇ ਅਮੀਰ ਖਾਂ ਨੂੰ ਬੜੇ ਪਿਆਰ ਨਾਲ ਪੁਛਿਆ-'ਤੇਰੇ ਸਰਦਾਰ ਅਲੀ ਖਾਂ ਦਾ ਕਬੀਲਾ ਕਿੱਡਾ ਕੁ ਵੱਡਾ ਏ?'
'ਪੰਜ ਸੌ ਜਵਾਨ ਅਜਿਹੇ ਹਨ ਜਿਹੜੇ ਸਜੇ ਪਟੇ ਕਢੇ ਹੋਏ ਹਨ। ਓਦਾਂ ਮਾਂਗਵੀ ਧਾੜ ਬਹੁਤ ਏ।
"ਇਹੋ ਜਿਹੇ ਕਬੀਲੇ ਅਟਕ ਦੇ ਆਲੇ ਦੁਆਲੇ ਕਿੰਨੇ ਕੁ ਹੋਣੇ ਨੇ ?"
"ਚਾਲੀ ਪੰਜਾਹ ਦੇ ਲਗਭਗ ਜ਼ਰੂਰ ਹਨ।"
"ਤਾਂ ਤੇ ਪਹਿਲਾਂ ਕਬੀਲਿਆਂ ਨੂੰ ਆਪਣਾ ਯਾਰ ਬਣਾਉਣਾ ਚਾਹੀਦੈ।"
"ਇਹਦੇ ਵਿਚ ਸ਼ੱਕ ਕੀ ਏ ਦੀਵਾਨ ਸਾਹਿਬ, ਇਹਨਾਂ ਤੁਹਾਨੂੰ ਨਚੱਲਿਆਂ ਨਹੀਂ ਬਹਿਣ ਦੇਣਾ ਤੁਸੀਂ ਰਾਤ ਨੂੰ ਸੌ ਨਹੀਂ ਸਕਦੇ, ਅਮੀਰ ਕਾਬਲ ਦੀਆ ਫੌਜਾਂ ਆਈਆ ਕਿ ਆਈਆਂ, ਇਨ੍ਹਾਂ ਕਬੀਲੇ ਵਾਲਿਆਂ ਐਲੀ ਐਲੀ ਕਰਕੇ ਉਹਨਾ ਵਿਚ ਸ਼ਾਮਲ ਹੈ ਜਾਣਾ ਏ। ਮੁਕਾਬਲਾ ਸਖਤ ਏ, ਅਟਕ ਜਿਤਣਾ ਮੁਸ਼ਕਲ ਗੱਲ ਨਹੀਂ, ਪਰ ਅਟਕ ਨੂੰ ਕਾਬੂ 'ਚ ਰਖਣਾ ਮੁਸ਼ਕਲ ਗੱਲ ਏ। ਸਾਰੀ ਸਰਹੱਦ ਨੇ ਇਸੇ ਕਿਲੇ ਤੇ ਆਪਣਾ ਜ਼ੋਰ ਲਾ ਕੇ ਵੇਖਣੇ। ਭੂਤਰੇ ਜਹਾਦੀ ਅੱਗਾ ਪਿੱਛਾ ਨਹੀਂ ਵੇਖਦੇ।" ਅਮੀਰ ਖਾ ਹੁਣ ਕੁਝ ਚੰਗੀਆ ਗੱਲਾਂ ਕਰ ਰਿਹਾ ਸੀ।
"ਅਮੀਰ ਖਾਂ ਤੂੰ ਸਾਡੀ ਕੀ ਮਦਦ ਕਰ ਸਕਦੈ?"