ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ
ਯਾਰੋ ਐਸਾ ਕਿਤੇ ਨਿਜ਼ਾਮ ਨਹੀਂ
ਮੈਂ ਤਾਂ ਸੂਰਜ ਹਾਂ ਛੁਪ ਕੇ ਵੀ ਬਲਦਾ
ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ
ਤੂੰ ਮੇਰੀ ਨਮ ਨਜ਼ਰ ਨਾ ਦੇਖ ਕੇ ਡਰ
ਮੇਰੇ ਹੰਝੂਆਂ 'ਤੇ ਤੇਰਾ ਨਾਮ ਨਹੀਂ
ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ
ਮੈਨੂੰ ਤਾਂ ਮਰ ਕੇ ਵੀ ਅਰਾਮ ਨਹੀਂ
ਅਹਿ ਲੈ ਕੁਝ ਹੋਰ ਦਰਦ ਗੀਤਾਂ ਲਈ
ਇਸ ਤੋਂ ਵੱਡਾ ਕੋਈ ਇਨਾਮ ਨਹੀਂ