ਕਬੂਲ ਨ੍ਹੇਰ ਕਰੇਗਾ ਨਾ ਰੌਸ਼ਨੀ ਮੈਨੂੰ
ਅਜੀਬ ਮੋੜ ਤੇ ਮਾਰੇਗੀ ਜ਼ਿੰਦਗੀ ਮੈਨੂੰ
ਨਦੀ ਦੇ ਪਾਰ ਸੁਣੇ ਕੁਕਦੀ ਜੋ ਰਾਤ ਗਏ
ਹਟੇਗੀ ਡੋਬ ਕੇ ਆਖਰ ਉਹ ਬੰਸਰੀ ਮੈਨੂੰ
ਕਰੇ ਹਜ਼ਾਰ ਜੁ ਰੰਗ ਇਕ ਲਹੂ ਦੇ ਕਤਰੇ ਦੇ
ਮਿਲੀ ਨ ਤੇਗ਼ ਕਲਮ ਨਾਰ ਨਾ ਨਦੀ ਮੈਨੂੰ
ਮੇਰੀ ਸਵੇਰ ਤਾਂ ਹੁਣ ਸ਼ਾਮ ਹੋ ਗਈ ਹੋਣੀ
ਪਛਾਣ ਵੀ ਨਾ ਸਕਾਂਗਾ ਜੇ ਹੁਣ ਮਿਲੀ ਮੈਨੂੰ
ਮੈਂ ਪਿਛਲੇ ਜਨਮ 'ਚ ਅੱਗ ਬਣ ਕੇ ਸਾੜੇ ਹੋਣਗੇ ਫੁੱਲ
ਕਿ ਜੂਨ ਫੁੱਲ ਦੀ ਏਸੇ ਲਈ ਮਿਲੀ ਮੈਨੂੰ
ਜੋ ਤਪਦੇ ਬਲ 'ਚ ਬਰਸ ਜਾਂਦੀ ਬਣ ਕੇ ਦਰਦ ਦਾ ਮੀਂਹ
ਬਹੁਤ ਮੈਂ ਰੋਇਆ ਨ ਆਈ ਉਹ ਸ਼ਾਇਰੀ ਮੈਨੂੰ