ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ
ਉਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ
ਵਾਇਲਿਨ ਦਾ ਗਜ਼ ਫੇਰ ਰਿਹਾ ਸੀ ਸੀਖਾਂ ਤੇ
ਜੇਲ 'ਚ ਇਕ ਸਾਜ਼ਿੰਦਾ ਡੱਕਿਆ ਹੋਇਆ ਸੀ
ਪਹਿਲਾਂ ਸਾਡੀ ਧੌਣ ਤੋਂ ਸੀਸ ਉਡਾ ਦਿੱਤਾ
ਪਿੱਛੋਂ ਉਸ ਦੀ ਖ਼ਾਤਰ ਹਾਰ ਪਰੋਇਆ ਸੀ
ਏਨੀ ਸੁਹਣੀ ਕਬਰ ਕਿਸੇ ਨੇ ਦੇਖੀ ਹੈ?
ਤਨ ਜੀਂਦਾ ਸੀ ਤਨ ਅੰਦਰ ਮਨ ਮੋਇਆ ਸੀ
ਅੱਥਰੂ ਟੈਸਟ ਟਿਊਬ 'ਚ ਪਾ ਕੇ ਵੇਖਾਂਗੇ
ਕਲ੍ਹ ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ