Back ArrowLogo
Info
Profile

ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ

ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀ

 

ਜਾਂ ਤਾਂ ਫੌਜੀ ਮਰ ਗਿਆ ਹੋਣਾ ਜਾਂ ਕੋਈ ਹੋਰ ਖੁਆਰੀ

ਪਿੰਡ 'ਚ ਲੋਕੀਂ ਡਰ ਜਾਂਦੇ ਜੇ ਖ਼ਤ ਆਵੇ ਸਰਕਾਰੀ

 

ਕਾਲੇ ਧਨ ਦੇ ਚਿੱਟੇ ਸਿੱਕੇ ਚਾੜ੍ਹ ਗਏ ਵਿਉਪਾਰੀ

ਮੰਦਰ ਵਿਚ ਮੁਸਕਾਈ ਜਾਵੇ ਫਿਰ ਵੀ ਕ੍ਰਿਸ਼ਨ ਮੁਰਾਰੀ

 

ਬਾਹੀਂ ਚੂੜਾ, ਹੱਥੀਂ ਮਹਿੰਦੀ, ਸਿਰ ਸੂਹੀ ਫੁਲਕਾਰੀ

ਕੰਨੀਂ ਕਾਂਟੇ, ਨੈਣੀਂ ਕਜਲਾ, ਕਜਲੇ ਵਿਚ ਲਾਚਾਰੀ

 

ਬਿਰਧ ਮਰੇ ਤਾਂ ਕਬਰ 'ਤੇ ਉਗੇ ਕਿੱਕਰ ਜਾਂ ਕੰਡਿਆਰੀ

ਅੱਗ ਤੇ ਦੁੱਧ ਦੇ ਫੁੱਲ ਖਿੜਦੇ ਨੇ ਜਿੱਥੇ ਮਰੇ ਕੁਆਰੀ

 

ਮਨ ਮਰਿਆ ਤਾਂ ਸੋਗ ਨਾ ਕੀਤਾ, ਨਾ ਰੋਏ ਰੂਹ ਵਾਰੀ

ਤਨ ਢੱਠਾ ਤਾਂ ਸ਼ੁਹਦੇ ਯਾਰਾਂ ਕੂਕ ਗਜ਼ਬ ਦੀ ਮਾਰੀ

 

ਰੇਤ ਨੇ ਉਹਦੀ ਰੱਤ ਚੂਸ ਲਈ ਪੌਣਾਂ ਰਾਖ ਖਿਲਾਰੀ

ਹਾਲੇ ਤੀਕ ਖਿਲਾ ਵਿਚ ਗੂੰਜੇ ਜੱਗੇ ਦੀ ਕਿਲਕਾਰੀ

31 / 69
Previous
Next