ਮੈਂ ਤਕਿਆ ਹੈ ਇਕ ਜ਼ਖ਼ਮੀ ਚੰਨ ਜੇਹਾ ਸੁਫ਼ਨਾ
ਜੋ ਕੰਡਿਆਲੇ ਬਿਰਖਾਂ 'ਚ ਫਸਿਆ ਪਿਆ ਸੀ
ਜ਼ਰਾ ਗੌਰ ਨਾਲ ਇਸ ਨੂੰ ਤਕ ਤਾਂ ਸਹੀ ਤੂੰ
ਤੇਰਾ ਤਾਂ ਨਹੀਂ ਹੈ ਇਹ ਮੇਰਾ ਨ ਹੋਵੇ
ਇਹ ਮਾੜੀ ਜਿਹੀ ਜਿਹੜੀ ਦਿਲ ਵਿਚ ਲਗਨ ਹੈ
ਮੈਂ ਮੰਨਿਆ ਕਿ ਇਸਦੀ ਬੜੀ ਹੀ ਜਲਣ ਹੈ
ਇਨੂੰ ਐਵੇਂ ਯਾਰੋ ਬੁਝਾ ਵੀ ਨ ਦੇਣਾ
ਕਿਤੇ ਏਹੀ ਕਲ੍ਹ ਦਾ ਸਵੇਰਾ ਨ ਹੋਵੇ
ਕਿਸੇ ਜੇਲ੍ਹ ਅੰਦਰ ਹਵਾਲਾਤ ਅੰਦਰ
ਅਸੀਂ ਸੁਲਗਦੇ ਹਾਂ ਅਜੇ ਰਾਤ ਅੰਦਰ
ਹਜ਼ਾਰਾਂ ਨੇ ਸੂਰਜ ਖ਼ਿਆਲਾਂ 'ਚ ਸਾਡੇ
ਨਸੀਬਾਂ 'ਚ ਬੇਸ਼ਕ ਸਵੇਰਾ ਨ ਹੋਵੇ
ਹਵਾਵਾਂ ਦੀ ਆਜ਼ਾਦ ਆਵਾਜ਼ ਨੂੰ ਸੁਣ
ਤੂੰ ਛੱਡ ਇਹ ਮਫਾਈਲ ਫਿਇਲੁਨ ਫ਼ਊਲਨ
ਨਹੀਂ ਤਾਂ ਜੋ ਕੈਦੀ ਪਰਿੰਦਿਆਂ ਦਾ ਹੋਇਆ
ਕਿਤੇ ਹਸ਼ਰ ਓਹੋ ਹੀ ਤੇਰਾ ਨਾ ਹੋਵੇ