ਐਵੇਂ ਨਾ ਬੁੱਤਾਂ 'ਤੇ ਡੋਲ੍ਹੀ ਜਾ ਪਾਣੀ
ਜਾ ਕਿਧਰੇ ਬਿਰਖਾਂ 'ਤੇ ਇਹ ਬਰਸਾ ਪਾਣੀ
ਜੇ ਕੋਈ ਰਾਹਗੀਰ ਪਿਆਸਾ ਨਾ ਆਇਆ
ਹੋਰ ਘੜੀ ਨੂੰ ਜਾਵਣਗੇ ਪਥਰਾ ਪਾਣੀ
ਕੌਣ ਕਿਤੇ ਬਿਰਖਾਂ ਤੋਂ ਪੱਤੀਆਂ ਤੋੜ ਰਿਹਾ
ਕੰਬ ਗਿਆ ਹੈ ਸੁੱਤਾ ਸਰਵਰ ਦਾ ਪਾਣੀ
ਬਿਰਖਾਂ ਪੀਲੇ ਪੱਤਰ ਪੌਣਾਂ ਹਥ ਭੇਜੇ
ਉਡ ਕੇ ਮਿਲਣ ਗਿਆ ਫਿਰ ਸਾਗਰ ਦਾ ਪਾਣੀ
ਜਦ ਵੀ ਮੇਰੀ ਪਿਆਸ ਬਣੀ ਹੈ ਅਗਨ ਜਿਹੀ
ਸੁੱਚਾ ਲੱਗਾ ਹਰ ਇਕ ਸਰਵਰ ਦਾ ਪਾਣੀ
ਜਦ ਤੋਂ ਸੁਣਿਆ ਪੁੰਨਿਆਂ ਕਾਲੇ ਚੰਨ ਦੀ ਅਜ
ਡੋਲਣ ਦੇ ਉਪਰਾਲੇ ਸੋਚ ਰਿਹਾ ਪਾਣੀ
ਚੇਤੇ ਆਈ ਤੂੰ ਮੈਨੂੰ ਤੇ ਨਾਲੇ ਮੈਂ
ਜਦ ਵੀ ਸੂਲਾਂ ਦੇ ਰੁੱਖ ਤੇ ਵਸਿਆ ਪਾਣੀ
ਲੱਗੀ ਧੁੱਪ ਜੇ ਸ਼ਹਿਰ ਤੇਰੇ ਦੇ ਬਿਰਖਾਂ ਨੂੰ
ਸ਼ਹਿਰ ਮੇਰੇ ਦਾ ਓਦਰ ਜਾਵੇਗਾ ਪਾਣੀ
ਰੋਵਣਗੇ ਪੱਥਰ ਤਾਂ ਦੁਨੀਆਂ ਦੇਖੇਗੀ
ਕੌਣ ਸਕੇਗਾ ਦੇਖ ਜੇ ਰੋਵੇਗਾ ਪਾਣੀ
ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ
ਚਾਰ ਦਿਨਾਂ ਦੀ ਜ਼ਿੰਦਗੀ ਮੌਤ ਹਜ਼ਾਰਾਂ ਸਾਲ
ਕੱਢਾਂ ਏਸ ਨਰੇਲ ਚੋਂ ਚਿੱਟੀ ਦੁੱਧ ਸਵੇਰ
ਚੀਰਾਂ ਅੱਧੀ ਰਾਤ ਨੂੰ ਚੀਕ ਦੇ ਚਾਕੂ ਨਾਲ