

ਏਦਾਂ ਰੰਗ ਵਟਾਉਂਦਾ ਤੇਰਾ ਚਿਹਰਾ ਰੋਜ਼ ਰਿਹਾ
ਨਾ ਮੈਂ ਤੈਨੂੰ ਤਜ ਸਕਿਆ ਤੇ ਨਾ ਸਕਿਆ ਅਪਣਾ
ਇਸ ਮੌਸਮ ਦਾ ਨਾਮ ਕੀ ਰੱਖੀਏ ਮਾਰੀਏ ਵਾਜ ਕਿਵੇਂ
ਏਹੀ ਸੋਚਦਿਆਂ ਨੂੰ ਯਾਰੋ ਮੌਸਮ ਬੀਤ ਗਿਆ
ਤੇਰੇ ਕੇਸ ਧੁਆਂਖੇ, ਮੇਰੇ ਹੱਥ ਗਏ ਪਥਰਾ
ਡਾਲੀ ਉੱਤੇ ਲੱਗਾ ਸੂਹਾ ਫੁੱਲ ਗਿਆ ਮੁਰਝਾ
ਜਦ ਚੁੰਮਿਆ ਅਗ ਬਣ ਕੇ ਚੁੰਮਿਆ ਨੀਰ ਨਾ ਬਣਿਆ ਮੈਂ
ਕਿਹੜੇ ਮੂੰਹੋਂ ਆਖਾਂ ਤੈਨੂੰ ਅੜੀਏ ਨਾ ਕੁਮਲਾ
ਮੈਂ ਕਦ ਕਿਸ ਨੂੰ ਛਾਂ ਕੀਤੀ. ਮੈਂ ਕਦ ਬਣਿਆ ਦਰਿਆ
ਹੁਣ ਕੀ ਰੋਸ ਜੇ ਯਾਰਾਂ ਦੇ ਵੀ ਨੈਣ ਗਏ ਪਥਰਾ