ਜ਼ਖ਼ਮ ਨੂੰ ਜ਼ਖ਼ਮ ਲਿਖੋ ਖਾਮਖਾ ਕੰਵਲ ਨਾ ਲਿਖੋ
ਸਿਤਮ ਹਟਾਓ ਸਿਤਮ ਤੇ ਨਿਰੀ ਗ਼ਜ਼ਲ ਨਾ ਲਿਖੋ
ਇਹ ਕੀ ਹੁਨਰ ਹੈ ਭਲਾ ਕੀ ਕਲਾ ਕਹੇ ਜਿਹੜੀ
ਹੁਸਨ ਨੂੰ ਹੁਸਨ ਲਿਖੋ ਕਤਲ ਨੂੰ ਕਤਲ ਨਾ ਲਿਖੋ
ਉਸ ਦੀ ਵਿਅੰਗ ਸਾਧਨਾ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਤਿਹਾਸਕ ਸਿਥਿਤੀ ਦੇ ਵਿਰੋਧ ਸੁਭਾਵਿਕ ਹੀ ਯਥਾਰਥ ਦੀ ਅਖੰਡਤਾ ਦੀ ਅਰਾਧਨਾ ਕਰਦੇ ਦਿਖਾਈ ਦਿੰਦੇ ਹਨ। ਇਹ ਨਿਸਚੇ ਹੀ ਇਤਿਹਾਸ ਦੇ ਵਿਰੋਧਾਂ ਨੂੰ ਅਖੰਡ ਦ੍ਰਿਸ਼ਟੀ ਨਾਲ ਧਿਆਉਣ ਦਾ ਸਿੱਟਾ ਹੈ। ਕੁਝ ਸ਼ਿਅਰ ਪ੍ਰਮਾਣ ਵਜੋਂ ਮੁਲਾਹਜ਼ਾ ਕਰੋ:
ਇਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ ਏਂ
ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਤੇਰੇ ਯਾਰ ਕਿੰਝ ਸਹਿਣਗੇ
ਇਹ ਜੋ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਮੇਸ਼ਾਂ ਲਿਖੇ ਰਹਿਣਗੇ।
ਅਖੰਡ ਦ੍ਰਿਸ਼ਟੀ ਦੇ ਇਸ ਸਹਿਜ ਅਨੁਭਵ ਨਾਲ ਹੀ ਪਾਤਰ ਆਸ ਨਿਰਾਸ ਦੇ ਵਿਵੇਕ ਵਿਚ ਵੀ ਮਲਕੜੇ ਉਤਰ ਜਾਂਦਾ ਹੈ, ਜਿੱਥੇ ਆਸ ਤੇ ਨਿਰਾਸਤਾ ਦੇ ਰੰਗ ਇਕ ਦੂਜੇ ਵਿਚ ਘੁਲੇ ਤੇ ਇਕ ਦੂਜੇ ਵਿਚੋਂ ਉਦੈ ਹੁੰਦੇ ਦਿਖਾਈ ਦਿੰਦੇ ਹਨ:
ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ