ਸਮਾਜਿਕ ਰੀਤਾਂ, ਰਸਮਾਂ, ਰਿਵਾਜਾਂ ਅਤੇ ਖਾਧ ਪਦਾਰਥਾਂ ਦਾ ਕਾਫ਼ੀ ਵਰਣਨ ਕੀਤਾ ਹੈ । ਵਿਆਹ ਦੇ ਮੌਕੇ ਤੇ ਫਜ਼ੂਲ-ਖਰਚੀ, ਮਹਿਮਾਨ-ਨਵਾਜੀ ਆਦਿ ਦਾ ਵੀ ਵਿਸਤਾਰ ਨਾਲ ਵਰਣਨ ਹੋਇਆ ਹੈ । ਦਮੋਦਰ ਦੀ ਹੀਰ ਨਿਰੀ ਪ੍ਰੇਮਿਕਾ ਨਹੀਂ, ਵੀਰਾਂਗਨਾ ਵੀ ਹੈ । ਉਹ ਲੋੜ ਪੈਣ ਤੇ ਸਸ਼ਸਤ੍ਰ ਯੁੱਧ ਵੀ ਕਰ ਸਕਦੀ ਹੈ । ਆਪਣੀ ਮਨ ਪਸੰਦ ਦੇ ਵਿਰੁੱਧ ਥੋਪੇ ਗਏ ਪਤੀ ਸੌਦੇ ਨੂੰ ਥੱਪੜ ਵੀ ਮਾਰ ਸਕਦੀ ਹੈ । ਦਮੋਦਰ ਦਾ ਉਪਮਾਨ ਵਿਧਾਨ ਸਾਧਾਰਣ ਜਨ-ਜੀਵਨ ਨਾਲ ਸੰਬੰਧਿਤ ਹੈ । ਦਵੈਯਾ ਛੰਦ ਵਿਚ ਲਿਖਿਆ ਇਹ ਕਿੱਸਾ ਆਦਿ ਤੋਂ ਅੰਤ ਤਕ ਪ੍ਰਕਿਰਤੀ ਦੇ ਵਾਤਾਵਰਣ ਵਿਚ ਵਿਚਰਦਾ ਹੈ । ਸਮੁੱਚੇ ਤੌਰ ਤੇ ਇਸ ਕਿੱਸੇ ਦਾ ਇਤਿਹਾਸਿਕ ਮਹੱਤਵ ਹੈ ਅਤੇ ਲਹਿੰਦੀ ਵਿਚ ਲਿਖਿਆ ਇਹ ਕਿੱਸਾ ਆਪਣੇ ਆਪ ਵਿਚ ਇਕ ਵਿਲੱਖਣ ਰਚਨਾ ਹੈ ।
ਦਮੋਦਰ ਦੇ ਇਸ ਮਹੱਤਵਪੂਰਣ ਕਿੱਸੇ ਦੇ ਕੁਝ ਸੰਸਕਰਣ ਛਪੇ ਹੋਏ ਜ਼ਰੂਰ ਮਿਲਦੇ ਹਨ ਜਿਹੜੇ ਲਗਭਗ ਗੰਗਾ ਸਿੰਘ ਬੇਦੀ ਦੇ ਸੰਸਕਰਣ ਦੇ ਹੀ ਉਤਾਰੇ ਹਨ। ਇਸ ਨੂੰ ਸਹੀ ਢੰਗ ਨਾਲ ਅਜੇ ਤਕ ਸੰਪਾਦਿਤ ਨਹੀਂ ਕੀਤਾ ਗਿਆ । ਇਸੇ ਲਈ ਇਹ ਯੋਜਨਾ ਬਣਾਈ ਗਈ ਹੈ । ਸੰਪਾਦਨ ਦਾ ਇਹ ਕੰਮ ਡਾ. ਜਗਤਾਰ ਸਿੰਘ, ਗੋਰਮਿੰਟ ਕਾਲਜ, ਹੋਸ਼ਿਆਰਪੁਰ ਨੂੰ ਸੌਂਪਿਆ ਗਿਆ ਜਿਨ੍ਹਾਂ ਨੇ ਉਚੇਚਾ ਸਮਾਂ ਕਢ ਕੇ ਅਤੇ ਪਾਕਿਸਤਾਨ ਤੋਂ ਖਰੜਾ ਲਭ ਕੇ ਸੰਪਾਦਿਤ ਕੀਤਾ ਹੈ । ਸ਼ੁਰੂ ਵਿਚ ਉਨ੍ਹਾਂ ਨੇ ਵਿਸਤਾਰ ਸਹਿਤ ਭੂਮਿਕਾ ਲਿਖ ਕੇ ਅਨੇਕ ਨਵੇਂ ਤੱਥਾਂ ਨੂੰ ਖੋਜਿਆ ਹੈ ਅਤੇ ਇਸ ਕਿੱਸੇ ਦਾ ਸਾਹਿੱਤਿਕ ਮੁੱਲਾਂਕਣ ਕੀਤਾ ਹੈ। ਅੰਤ ਤੇ ਅਰਬਾਵਲੀ ਦੇ ਕੇ ਲਹਿੰਦੀ ਦੇ ਅਪਰਿਚਿਤ ਸ਼ਬਦਾਂ ਤੋਂ ਪਾਠਕਾਂ ਨੂੰ ਜਾਣਕਾਰ ਕਰਾਇਆ ਹੈ । ਇਸ ਤਰ੍ਹਾਂ ਇਸ ਕਿੱਸੇ ਦੇ ਸੰਪਾਦਨ ਨਾਲ ਚਿਰਾਂ ਤੋਂ ਮਹਿਸੂਸ ਕੀਤੀ ਜਾ ਰਹੀ ਘਾਟ ਪੂਰੀ ਹੋਈ ਹੈ । ਯੂਨੀਵਰਸਿਟੀ ਪੱਧਰ ਤੇ ਇਸ ਸੰਸਕਰਣ ਨੂੰ ਪ੍ਰਕਾਸ਼ਿਤ ਕਰਨ ਲਈ ਵਿਸ਼ੇਸ਼ਗ ਰਾਇ ਡਾ. ਧਰਮਪਾਲ ਸਿੰਗਲ, ਪ੍ਰੋਫੈਸਰ ਅਤੇ ਮੁੱਖੀ, ਸੰਤ ਰਵੀਦਾਸ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਲਈ ਗਈ ਹੈ । ਅਸੀਂ ਇਨ੍ਹਾਂ ਦੋਹਾਂ ਵਿਦਵਾਨਾਂ ਦੇ ਧੰਨਵਾਦੀ ਹਾਂ ।
ਮੈਨੂੰ ਵਿਸ਼ਵਾਸ ਹੈ ਕਿ ਇਸ ਸੰਸਕਰਣ ਦੇ ਪ੍ਰਕਾਸ਼ਨ ਨਾਲ ਦਮੋਦਰ ਦੀ ਹੀਰ ਅਤੇ ਕਿੱਸਾ ਕਾਵਿ ਦੀ ਪਰੰਪਰਾ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ ਨੂੰ ਲਾਭ ਹੋਵੇਗਾ ।
ਪੰਜਾਬੀ ਸਾਹਿੱਤ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਰਤਨ ਸਿੰਘ ਜੋਗੀ
ਪ੍ਰੋਫੈਸਰ ਅਤੇ ਮੁੱਖੀ