164. ਹੀਰ ਨੂੰ ਚਿੱਠੀ ਦਾ ਉੱਤਰ
ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ ਖ਼ਤ ਹੀਰ ਸਿਆਲ ਨੂੰ ਲਿਖਿਆ ਈ
ਸਾਥੋਂ ਛੈਲ ਸੁ ਅੱਧ ਵੰਡਾਏ ਸੁੱਤੀ ਲੋਕ ਯਾਰੀਆਂ ਕਿਧਰੋਂ ਸਿਖਿਆ ਈ
ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ ਬੋਲ ਬੋਲ ਕੇ ਖਰਾ ਤ੍ਰਿਖਿਆ ਈ
ਸਾਡਾ ਲਾਲ ਮੋੜੋ ਸਾਨੂੰ ਖੈਰ ਘੱਤੋ ਜਾਨੋ ਕਮਲੀਆਂ ਨੂੰ ਪਾਈ ਭਿਖਿਆ ਈ
ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ ਕਰ ਸਾਰਦਾ ਦੀਦੜਾ ਤ੍ਰਿਖਿਆ ਈ
ਝੁਟ ਕੀਤਿਆਂ ਲਾਲ ਨਾ ਹਥ ਆਵਨ ਸੋਈ ਮਿਲੇ ਜੋ ਤੋੜ ਦਾ ਲਿਖਿਆ ਈ
ਕੋਈ ਢੂੰਡਦੋ ਖਡੇਰੜਾ ਕੰਮ ਜੋਗਾ ਅਜੇ ਇਹ ਨਾ ਯਾਰੀਆਂ ਸਿਖਿਆ ਈ
ਵਾਰਸ ਸ਼ਾਹ ਲੈ ਚਿੱਠੀਆਂ ਦੌੜਿਆਈ ਕੰਮ ਕਾਸਦਾ ਦਾ ਮੀਆਂ ਸਿਖਿਆ ਈ
165. ਹੀਰ ਨੂੰ ਚਿੱਠੀ ਮਿਲੀ
ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ
ਸਾਰੇ ਮੁਆਮਲੇ ਅਤੇ ਵਝਾਪ ਸਾਰੇ ਗਿਲਾ ਲਿਖਿਆ ਵਾਚ ਸੁਨਾਇਆ ਈ
ਘੱਲੋ ਮੋੜ ਕੇ ਦੇਵ ਅਸਾਡੜੇ ਨੂੰ ਮੁੰਡਾ ਰੁੱਸ ਹਜ਼ਾਰਿਉਂ ਆਇਆ ਈ
ਹੀਰ ਸੱਦ ਕੇ ਰਾਂਝਨੇ ਯਾਰ ਤਾਈ ਸਾਰਾ ਮੁਆਮਲਾ ਖੋਲ ਸੁਨਾਇਆ ਈ
166. ਭਾਬੀਆਂ ਨੂੰ ਰਾਂਝੇ ਨੇ ਆਪ ਉੱਤਰ ਲਿਖਾਉਣਾ
ਭਾਈਆਂ ਭਾਬੀਆਂ ਚਾ ਜਵਾਬ ਦਿੱਤਾ ਸਾਨੂੰ ਦੇਸ ਥੀਂ ਚਾ ਤਾਹਿਉ ਨੇ
ਭੋਏ ਖੋਹ ਕੇ ਬਾਪ ਦਾ ਲਿਆ ਵਿਰਸਾ ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇ
ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ ਕੋਈ ਸੱਚ ਨਾ ਕੌਲ ਨਿਭਾਇਉ ਨੇ
ਰਲ ਰਨ ਖ਼ਸਮਾਂ ਮੈਨੂੰ ਠਿਠ ਕੀਤਾ ਮੇਰਾ ਅਰਸ਼ ਦਾ ਕਿੰਗਰਾ ਢਾਇਉ ਨੇ
ਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ ਮੇਰਾ ਕਢਨਾ ਦੇਸ ਥੀਂ ਚਾਹਿਉ ਨੇ
ਅਸੀਂ ਹੀਰ ਸਿਆਲ ਦੇ ਚਾਕ ਲੱਗੇ ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇ
ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇ
ਵਾਰਸ ਸ਼ਾਹ ਸਮਝਾ ਜਟੇਟੀਆਂ ਨੂੰ ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ