170. ਚਾਲੂ
ਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀ
ਇਲ-ਲਿਲਾਹ ਜੱਲਿਆਂ ਪਾਂਵਦਾ ਹੈ ਜ਼ਿਕਰ ਹਯ ਤੇ 'ਲਾਯਮੂਤ' ਹੈ ਨੀ
ਨਹੀਂ ਭਾਬੀਆਂ ਬੇ ਕਰਤੂਤ ਕਾਈ ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀ
ਜਦੋਂ ਤੁਸਾਂ ਥੇਸੀ ਗਾਲੀਆਂ ਦੇਂਦੀਆਂ ਸਾਉ ਇਹਤਾਂ ਊਤਨੀ ਦਾ ਕੋਈ ਊਤ ਹੈ ਨੀ
ਮਾਰਿਆ ਤੁਸਾਂ ਦੇ ਮੇਹਣੇ ਗਾਲੀਆਂ ਦਾ ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀ
ਸੌਂਪ ਪੀਰਾਂ ਨੂੰ ਝਲ ਵਿੱਚ ਛੇੜਨੀ ਹਾਂ ਇਹਦੀ ਮੱਦਤੇ ਖਿਜ਼ਰ ਤੇ ਲੁਤ ਹੈ ਨੀ
ਵਾਰਸ ਸ਼ਾਹ ਫਿਰੇ ਉਹਦੇ ਮਗਰ ਲੱਗਾ ਅੱਜ ਤਕ ਓਹ ਰਿਹਾ ਅਨਛੂਤ ਹੈ ਨੀ
171. ਰਾਂਝੇ ਦੀਆਂ ਭਰਜਾਈਆਂ ਦਾ ਉੱਤਰ
ਸਾਡਾ ਮਾਲ ਸੀ ਸੋ ਤੇਰਾ ਹੋ ਗਿਆ ਜ਼ਰਾ ਵੇਖਨਾ ਬਿਰਾ ਖ਼ੁਦਾਈਆਂ ਦਾ
ਤੂੰ ਹੀ ਚਟਿਆ ਸੀ ਤੂੰ ਹੀ ਪਾਲਿਆ ਸੀ ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ
ਸ਼ਾਹੂਕਾਰ ਹੋ ਬੈਠੀ ਏਂ ਮਾਰ ਬੈਲੀ ਖੋਹ ਬੈਠੀ ਹੈਂ ਮਾਲ ਤੂੰ ਸਾਈਆਂ ਦਾ
ਅੱਗ ਲੈਣ ਆਈ ਘਰ ਸਾਂਭਿਉਈ ਏਹ ਤੇਰਾ ਹੈ ਬਾਪ ਨਾ ਮਾਈਆਂ ਦਾ
ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ ਅੰਨ੍ਹੀ ਚੂਹੀ ਬੋਥੀਆਂ ਧਾਈਆਂ ਦਾ
ਵਾਰਸ ਸ਼ਾਹ ਦੀ ਮਾਰ ਈ ਵੱਗੀ ਹੀਰੇ ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ
172. ਹੀਰ ਦਾ ਉੱਤਰ
ਤੁਸੀਂ ਏਸ ਦੇ ਖਿਆਲ ਨਾ ਪਵੋ ਅੜੀਉ ਨਹੀਂ ਖੱਟੀ ਕੁਝ ਏਸ ਬਪਾਰ ਉਤੋਂ
ਨੀ ਮੈਂ ਜਿਊਂਦੀ ਏਸ ਬਿਨ ਰਹਾਂ ਕੀਕੂੰ ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ
ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ
ਮੇਰੇ ਵਾਸਤੇ ਕਾਰ ਕਮਾਂਵਦਾ ਹੈ ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ
ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ ਜਦੋਂ ਸੁਟਿਆ ਪਕੜ ਪਹਾੜ ਉੱਤੋਂ
ਘਰੋਂ ਭਾਈਆਂ ਚਾ ਜਵਾਬ ਦਿੱਤਾ ਏਨ੍ਹਾਂ ਭੋਏ ਦੀਆਂ ਪੱਟੀਆਂ ਚਾਰ ਉੱਤੋਂ
ਨਾਉਮੀਦ ਹੋ ਵਤਨ ਨੂੰ ਛਡ ਟੁਰਿਆ ਮੋਤੀ ਤੁਰੇ ਜਿਉਂ ਪਟ ਦੀ ਤਾਰ ਉੱਤੋਂ
ਬਿਨਾ ਮਿਹਨਤਾਂ ਮਿਸਕਲੇ ਲੱਖ ਫੇਰੋ ਨਹੀਂ ਮੋਰਚਾ ਜਾਏ ਤਲਵਾਰ ਉੱਤੋਂ
ਇਹ ਮਿਹਣਾ ਲਹੇ ਗਾ ਕਦੇ ਨਾਹੀਂ ਏਸ ਸਿਆਲਾਂ ਦੀ ਸੱਥ ਸਲਵਾੜ ਉੱਤੋਂ
ਨੱਢੀ ਆਖਸਨ ਝਘੜਦੀ ਨਾਲ ਲੋਕਾਂ ਏਸ ਸੋਹਣੇ ਭੰਬੜੇ ਯਾਰ ਉੱਤੋਂ
ਵਾਰਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ ਹੁਣ ਮੁੜੇ ਨਾਲ ਲਖ ਹਜ਼ਾਰ ਉੱਤੋਂ