218. ਕਾਜ਼ੀ ਦਾ ਸਿਆਲਾਂ ਨੂੰ ਉੱਤਰ
ਕਾਜ਼ੀ ਆਖਿਆ ਇਹ ਜੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਹੈ
ਲਿਆਉ ਪੜ੍ਹੋ ਨਕਾਹ ਮੂੰਹ ਬਨ੍ਹ ਇਸਦਾ ਕਿੱਸਾ ਗੋਈ ਫਸਾਦ ਗੁਜ਼ਾਰਦੀ ਹੈ
ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ ਛੱਡ ਬਕਰੀਆਂ ਸੂਰੀਆਂ ਚਾਰਦੀ ਹੈ
ਵਾਰਸ ਸ਼ਾਹ ਮਧਾਣੀ ਹੈ ਹੀਰ ਜੱਟੀ ਇਸ਼ਕ ਦਹੀ ਦਾ ਘਿਉ ਨਤਾਰਦੀ ਹੈ।
219. ਕਾਜ਼ੀ ਵੱਲੋਂ ਨਕਾਹ ਕਰਕੇ ਹੀਰ ਨੂੰ ਖੇੜਿਆਂ ਨਾਲ ਤੋਰ ਦੇਣਾ
ਕਾਜ਼ੀ ਬਨ੍ਹ ਨਕਾਹ ਤੇ ਘਤ ਡੋਲੀ ਨਾਲ ਖੇੜਿਆਂ ਦੇ ਦਿੱਤੀ ਟੋਰ ਮੀਆਂ
ਤੇਵਰ ਬਿਉਰਾਂ ਨਾਲ ਜੜਾਊ ਗਹਿਣੇ ਦੰਮ ਦੌਲਤਾਂ ਨਿਅਮਤਾਂ ਹੋਰ ਮੀਆਂ
ਟਮਕ ਮਹੀਂ ਤੇ ਘੋੜੇ ਉਠ ਦਿੱਤੇ ਗਹਿਨਾ ਪੱਤਰਾ ਢੰਗੜਾ ਢੋਰ ਮੀਆਂ
ਹੀਰ ਖੇੜਿਆਂ ਨਾਲ ਨਾਲ ਟੁਰੇ ਮੂਲੇ ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ
ਖੇੜੇ ਘਿਨ ਕੇ ਹੀਰ ਨੂੰ ਰਵਾਂ ਹੋਏ ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ
220. ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ
ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ ਭੂਏ ਹੋਇਕੇ ਪਿੰਡ ਭਜਾਇਉ ਨੇ
ਪੁਟ ਝੁੱਘੀਆਂ ਲੋਕਾਂ ਨੂੰ ਢੁਡ ਮਾਰਨ ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ
ਚੋ ਚਾਇਕੇ ਬੂਥੀਆਂ ਉਤਾਂਹ ਕਰਕੇ ਸ਼ੌਕਾ ਥੀ ਧੁਮਲਾ ਲਾਇਉ ਨੇ
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ ਪੈਰ ਚੁੰਮ ਕੇ ਆਨ ਜਗਾਇਉ ਨੇ
ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ ਵਾਂਗ ਸੇਵਕਾਂ ਸਖੀ ਮਨਾਇਉ ਨੇ
ਭੜਥੂ ਮਾਰਿਉ ਨੇ ਦਵਾਲੇ ਰਾਂਝਨੇ ਦੇ ਲਾਲ ਬੇਗ ਦਾ ਥੜਾ ਪੁਜਾਇਉ ਨੇ
ਪਕਵਾਲ ਤੇ ਪਿੰਨੀਆ ਰੱਖ ਅੱਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫਕਤ ਸਿਰ ਟਮਕ ਚਾ ਚਵਾਇਉ ਨੇ
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ
ਦੇ ਚੂਰੀ ਤੇ ਖਿਚੜੀ ਦੀਆ ਸੱਤ ਬੁਰਕਾਂ ਨਢਾ ਦੇਵਰਾ ਗੋਦ ਬਹਾਇਉ ਨੇ
ਅੱਗੋਂ ਲੈਣ ਆਈਆਂ ਸਈਆਂ ਵੋਹਟੜੀ ਨੂੰ 'ਜੇ ਤੂੰ ਆਂਦੜੀ ਵੇ ਵੀਰਆ' ਗਾਇਉ ਨੇ
ਸਿਰੋਂ ਲਾਹ ਟਮਕ ਭੂਰਾ ਖਸ ਲੀਤਾ ਆਦਮ ਬਹਿਸ਼ਤ ਕੀ ਵੇਖ ਤਾਹਿਉ ਨੇ
ਵਾਰਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ ਭੁਖਾ ਜੰਨਤੋਂ ਰੂਹ ਕਢਾਇਉ ਨੇ