228. ਉੱਤਰ ਰਾਂਝਾ
ਡੋਗਰ ਜਟ ਈਮਾਨ ਨੂੰ ਵੇਚ ਖਾਂਦੇ ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ
ਤਰਕ ਕੌਲ ਹਦੀਸ ਦੇ ਨਿਤ ਕਰਦੇ ਚੋਰੀ ਯਾਰੀਆਂ ਬਿਆਜ ਕਮਾਂਵਦੇ ਜੇ
ਜੇਹੇ ਆਪ ਥੀਵਨ ਤੇਹੀਆਂ ਔਰਤਾਂ ਨੇ ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ
ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ ਉਸ ਦੀ ਵੱਡੀ ਤਾਅਰੀਫ ਸੁਣਾਵਦੇ ਜੇ
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ ਉਹਨੂੰ ਮਿਹਣਾ ਮੁਤੱਫੀ ਲਾਂਵਦੇ ਜੇ
ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ ਦੇਖੋ ਰਬ ਤੇ ਮੌਤ ਭੁਲਾਂਵਦੋ ਜੇ
ਵਾਰਸ ਸ਼ਾਹ ਮੀਆਂ ਦੋ ਦੋ ਖਸਮ ਹੁੰਦੇ ਨਾਲ ਬੇਟੀਆਂ ਵੈਰ ਕਮਾਂਵਦੇ ਜੇ
229. ਹੀਰ ਦੇ ਗਾਨੇ ਦੀ ਰਸਮ
ਜਦੋਂ ਗਾਂਨੜੇ ਦੇ ਦਿਨ ਪੁਜ ਮੁੱਕੇ ਲੱਸੀ ਮੁੰਦਰੀ ਖੇਡਨੇ ਆਈਆਂ ਨੇ
ਪਈ ਧੁਮ ਕੇਹਾ ਗਾਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ
ਸੈਦਾ ਲਾਲ ਪੀਹੜੇ ਉਤੇ ਆ ਬੈਠਾ ਕੁੜੀਆਂ ਵਹਟੜੀ ਪਾਸ ਬਹਾਈਆਂ ਨੇ
ਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ
ਵਾਰਸ ਸ਼ਾਹ ਮੀਆਂ ਨੈਨਾਂ ਹੀਰ ਦਿਆਂ ਨੇ ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ
230. ਹੀਰ ਦੇ ਜਾਣ ਪਿੱਛੋਂ ਰਾਂਝਾ ਹੈਰਾਨ
ਘਰ ਖੇੜਿਆਂ ਦੇ ਜਦੋਂ ਹੀਰ ਆਈ ਚੁਕ ਗਏ ਤਗਾਦੜੇ ਅਤੇ ਝੇੜੇ
ਵਿੱਚ ਸਿਆਲਾਂ ਦੇ ਚੁਪ ਚਣਕ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸਭ ਖੇੜੇ
ਫੌਜਦਾਰ ਤਗੱਈਅਰ ਹੋ ਆਨ ਬੈਠਾ ਕੋਈ ਓਸ ਦੇ ਪਾਸ ਨਾ ਪਾਏ ਫੇਰੇ
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ
ਚਿੱਠੀ ਲਿਖ ਕੇ ਹੀਰ ਦੀ ਉਜ਼ਰ ਖ਼ਾਹੀ ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ
ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ ਸਾਡੇ ਅੱਲੜੇ ਘਾ ਸਨ ਤੂੰ ਉਚੇੜੇ
ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ ਲਟਕੰਦੜਾ ਘਰੀਂ ਤੂੰ ਪਾ ਫੇਰੇ
ਜਿਹੜੇ ਫੁਲ ਦਾ ਨਿਤ ਤੂੰ ਰਹੇ ਰਾਖਾ ਓਸ ਫੁਲ ਨੂੰ ਤੋੜ ਲੈ ਗਏ ਖੇੜੇ
ਜੈਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ
ਕੋਈ ਨਹੀਂ ਵਸਾਹ ਕੰਵਾਰੀਆਂ ਦਾ ਐਵੇਂ ਲੋਕ ਨਿਕੰਮੜੇ ਕਰਨ ਝੇੜੇ