

252. ਰਾਂਝਾ ਆਪਣੇ ਦਿਲ ਨਾਲ
ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ ਜਰਮ ਗਾਲੀਏ ਤਾਂ ਓਥੇ ਜਾ ਲਈਏ
ਉਹ ਰਬ ਦੇ ਨੂਰ ਦਾ ਖਵਾਨ ਯਗ਼ਮਾ ਸ਼ੁਹਦੇ ਹੋਇਕੇ ਜਰਮ ਵਟਾ ਲਈਏ
ਇੱਕ ਹੋਵਨਾ ਰਹਿਆ ਫਕੀਰ ਮੈਥੋਂ ਰਹਿਆ ਏਤਨੇ ਵੱਸ ਸੋ ਲਾ ਲਈਏ
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਖ਼ਾਕ ਦੇ ਵਿੱਚ ਰਲਾ ਲਈਏ
ਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ ਚੇਲੇ ਹੋਇਕੇ ਕੰਨ ਪੜਵਾ ਲਈਏ
ਅੱਗੇ ਲੋਕਾਂ ਦੇ ਝਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿਣਗ ਲਾ ਲਈਏ
ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ
ਓਥੇ ਖੁਦੀ ਗੁਮਾਨ ਮਨਜ਼ੂਰ ਨਾਹੀਂ ਸਿਰ ਵੇਚੀਏ ਤਾਂ ਭੇਤ ਪਾ ਲਈਏ
ਵਾਰਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ
253. ਰਾਂਝੇ ਦਾ ਜੋਗੀ ਬਨਣ ਦਾ ਇਰਾਦਾ
ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ ਸਮਾ ਆਇਆ ਹੈ ਸ਼ੌਕ ਜਗਾਵਨੇ ਦਾ
ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ ਮਤਾ ਜਾਗਿਆ ਕੰਨ ਪੜਾਵਨੇ ਦਾ
ਪਟੇ ਪਾਲ ਮਲਾਈਆਂ ਨਾਲ ਰੱਖੇ ਵਕਤ ਆਇਆ ਹੈ ਰਗੜ ਮੁਨਾਵਨੇ ਦਾ
ਜਰਮ ਕਰਮ ਤਿਆਗ ਕੇ ਥਾਪ ਬੈਠਾ ਕਿਸੇ ਜੋਗੀ ਦੇ ਹੱਥ ਵਿਕਾਵਨੇ ਦਾ
ਬੁੰਦੇ ਸੋਇਨੇ ਦੇ ਲਾਹ ਕੇ ਚਾਇ ਚੜ੍ਹਿਆ ਕੰਨ ਪਾੜ ਕੇ ਮੁੰਦਰਾਂ ਪਾਵਨੇ ਦਾ
ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ ਸਹਿਰ ਦੱਸ ਦੇ ਰੰਨ ਖਿਸਕਾਵਨੇ ਦਾ
ਵਾਰਸ ਸ਼ਾਹ ਮੀਆਂ ਇਨ੍ਹਾ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਵਨੇ ਦਾ
254. ਰਾਂਝੇ ਦਾ ਹੋਕਾ
ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ ਆਉ ਕਿਸੇ ਫਕੀਰ ਜੇ ਹੋਵਣਾ ਜੇ
ਮੰਗ ਖਾਵਨਾ ਕੰਮ ਨਾ ਕਾਜ ਕਰਨਾ ਨਾ ਕੋ ਚਾਰਨਾ ਤੇ ਨਾ ਹੀ ਚੋਵਨਾ ਜੇ
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ ਗੁਰੂ ਸਾਰੇ ਹੀ ਜਗ ਦਾ ਹੋਵਨਾ ਜੇ
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫਤ ਦਾ ਹੋਵਨਾ ਜੇ
ਨਹੀਂ ਦੇਨੀ ਵਧਾਈ ਫਿਰ ਜੰਮਦੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਵਨਾ ਜੇ
ਮੰਗ ਖਾਵਨਾ ਅਤੇ ਮਸੀਤ ਸੌਣਾ ਨਾ ਕੁਝ ਬੋਵਣਾ ਤੇ ਨਾ ਕੁਝ ਲੋਵਣਾ ਜੇ
ਨਾਲੇ ਮੰਗਣਾ ਤੇ ਨਾਲੇ ਘੁਰਨਾ ਈ ਦੇਣਦਾਰ ਨਾ ਕਿਸੇ ਦਾ ਹੋਵਨਾ ਜੇ
ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦ ਹੀ ਸੋਵਨਾ ਜੇ