

286. ਨਾਥ ਦਾ ਉੱਤਰ
ਨਾਥ ਖੋਲ ਅੱਖੀਂ ਕਿਹਾ ਰਾਂਝਨੇ ਨੂੰ ਬੱਚਾ ਜਾ ਤੇਰਾ ਕੰਮ ਹੋਇਆ ਈ
ਫਲ ਆਣ ਲੱਗਾ ਓਸ ਬੂਟੜੇ ਨੂੰ ਜਿਹੜਾ ਵਿੱਚ ਦਰਗਾਹ ਦੇ ਬੋਇਆ ਈ
ਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ ਮੋਤੀ ਲਾਅਲ ਦੇ ਨਾਲ ਪਰੋਇਆ ਈ
ਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ ਬੱਚਾ ਸਉਣ ਤੈਨੂੰ ਭਲਾ ਹੋਇਆ ਈ
ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ ਹੱਥ ਬੰਨ੍ਹ ਕੇ ਆਨ ਖਲੋਇਆ ਈ
ਵਾਰਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ ਟਿਲਿਉਂ ਉੱਤਰਦਾ ਪੱਤਰਾ ਹੋਇਆ ਈ
287. ਰਾਂਝਾ ਟਿੱਲੇ ਤੋਂ ਤੁਰ ਪਿਆ
ਜੋਗੀ ਨਾਥ ਥੋਂ ਖੁਸ਼ੀ ਲੈ ਵਿਦਾ ਹੋਇਆ ਛੁਟਾ ਬਾਜ਼ ਜਿਉ ਤੇਜ਼ ਤਰਾਰਿਆਂ ਨੂੰ
ਪਲਕ ਝਲਕ ਵਿੱਚ ਕੰਮ ਹੋ ਗਿਆ ਓਸਦਾ ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰ
ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ ਓਹਨਾਂ ਚੇਲਿਆਂ ਹੈਸਿਆਰਿਆਂ ਨੂੰ
ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ ਜੋਗ ਮਿਲੇ ਨਾ ਕਰਮ ਦੇ ਮਾਰਿਆਂ ਨੂੰ
ਅਸਾਂ ਜਟ ਅਜਾਣ ਸਾਂ ਫਸ ਗਏ ਕਰਮ ਕੀਤਾ ਸੋ ਅਸਾਂ ਵਿਚਾਰਿਆਂ ਨੂੰ
ਵਾਰਸ ਸ਼ਾਹ ਜਾਂ ਅੱਲਾਹ ਕਰਮ ਕਰਦਾ ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ
288. ਉਹੀ ਚਾਲੂ
ਜਦੋਂ ਕਰਮ ਅੱਲਾਹ ਦਾ ਕਰੇ ਮਦਦ ਬੇੜਾ ਪਾਰ ਹੋ ਜਾਏ ਨਮਾਣਿਆਂ ਦਾ
ਲਹਿਣਾ ਕਰਜ਼ ਨਾਹੀਂ ਬੂਹੇ ਜਾ ਬਹੀਹੇ ਕੇਹਾ ਤਾਣ ਹੈ ਅਸਾਂ ਨਤਾਨਿਆਂ ਦਾ
ਮੇਰੇ ਕਰਮ ਸਵੱਲੜੇ ਆਨ ਪਹੁੰਚੇ ਖੇਤ ਜੰਮਿਆ ਭੁੰਨਿਆਂ ਦਾਣਿਆਂ ਦਾ
ਵਾਰਸ ਸ਼ਾਹ ਮੀਆਂ ਵੱਡਾ ਵੈਦ ਆਇਆ ਸਰਦਾਰ ਹੈ ਸਭ ਸਿਆਣਿਆਂ ਦਾ
289. ਲੋਕਾਂ ਦੀਆਂ ਗੱਲਾਂ
ਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ ਇਹ ਜੋਗੀੜਾ ਬਾਲੜਾ ਛੋਟੜਾ ਨੀ
ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਨ ਇਹਦੇ ਤੇੜ ਨਾ ਬਣੇ ਲੰਗੋਟੜਾ ਨੀ
ਸੱਤ ਜਰਮ ਕੇ ਹਮੀਂ ਹੈ ਨਾਥ ਪੂਰੇ ਕਦੀ ਵਾਹਿਆ ਨਾਹੀਂ ਜੋਤਰਾ ਨੀ
ਦੁਖ ਭੰਜਨ ਨਾਥ ਹੈ ਨਾਮ ਮੇਰਾ ਮੈਂ ਧਨੰਤਰੀ ਵੈਦ ਦਾ ਪੋਤਰਾ ਨੀ