

317. ਉੱਤਰ ਰਾਂਝਾ
ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ ਸੱਪ ਸ਼ੀਂਹ ਫਕੀਰ ਦਾ ਦੇਸ ਕੇਹਾ
ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕੇਹਾ
ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਕ ਕਬੀਲੜਾ ਖੇਸ਼ ਕੇਹਾ
ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ ਪੱਥਰ ਜੋੜਨਾ ਨਾਲ ਸਰੇਸ਼ ਕੇਹਾ
ਸੱਭਾ ਖਾਕ ਦਰ ਖਾਕ ਫਨਾ ਹੋਣਾ ਵਾਰਸ ਸ਼ਾਹ ਫਿਰ ਤਿਨ੍ਹਾ ਨੂੰ ਕੇਸ਼ ਕੇਹਾ
318. ਉਹੀ
ਸਾਨੂੰ ਨਾ ਅਕਾਉ ਰੀ ਭਾਤ ਖਾਣੀ ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ
ਜੇ ਕਰ ਆਪਣੀ ਵਾਈ ਤੇ ਆ ਜਾਈਏ ਖੁੱਲੀ ਝੁੰਡ ਸਿਰ ਤੇ ਅਸੀਂ ਭੂਤਨੇ ਹਾਂ
ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ
ਵਾਰਸ ਸ਼ਾਹ ਮੀਆਂ ਹੇਠ ਬਾਲ ਭਾਂਬੜ ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ
319. ਉੱਤਰ ਕੁੜੀਆਂ
ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ
ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋ
ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ ਗੁੱਸੇ ਨਾਲ ਪਸਾਰ ਦੇ ਆਨੀਆਂ ਹੋ
ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ
320. ਉੱਤਰ ਰਾਂਝਾ
ਸਭੇ ਸੁੰਹਦੀਆਂ ਤਿੰਜਨੀਂ ਸ਼ਾਹ ਪਰੀਆਂ ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ
ਚਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ
ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ ਤੁਸੀਂ ਵੱਢੇ ਸ਼ਰੂਰ ਦੀਆਂ ਬਾਨੀਆਂ ਹੋ
ਅਸੀਂ ਕਿਸੇ ਪਰਦੇਸ ਦੇ ਫਕਰ ਆਏ ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ
ਜਾਉ ਵਾਸਤੇ ਰਬ ਦੇ ਖਿਆਲ ਛੱਡੋ ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ
ਵਾਰਸ ਸ਼ਾਹ ਫਕੀਰ ਦੀਵਾਨੜੇ ਨੇ ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ