

ਲੁਬਾਣੀਆਂ ਢੀਡਣਾਂ ਪੀਰਨੀਆਂ ਨੇ ਸਾਉਆਣੀਆਂ ਦੁਧ ਦੁਧੇਟੀਆਂ ਨੇ
ਝਬੇਲਣਾ ਮਿਉਨੀਆਂ ਫਫੇਕੁਟਨੀਆਂ ਜੁਲਹੇਟੀਆਂ ਨਾਲ ਕਸੇਟੀਆਂ ਨੇ
ਕਾਗਜ਼ ਕਟ ਡੁਬਗਰਨੀਆਂ ਉਰਦਬੇਗਾਂ ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ
ਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ ਰਾਜਵੰਸਨਾਂ ਰਾਜੇ ਦੀਆਂ ਬੇਟੀਆਂ ਨੇ
ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ
ਵਾਰਸ ਸ਼ਾਹ ਜੀਜਾ ਬੈਠਾ ਹੋ ਜੋਗੀ ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ
326. ਉਹੀ
ਕਾਈ ਆ ਰੰਝੇਟੇ ਦੇ ਨੈਨ ਦੇਖੇ ਕਾਈ ਮੁਖੜਾ ਦੇਖ ਸਲਾਹੁੰਦੀ ਹੈ
ਅੜੀਉ ਦੇਖੋ ਤੋ ਨਿਸ਼ਾ ਜੋਗੀਲੜੇ ਦੀ ਰਾਹ ਜਾਂਦੇ ਮਿਰਗਾਂ ਨੂੰ ਫਾਹੁੰਦੀ ਹੈ
ਝੂਠੀ ਦੋਸਤੀ ਉਮਰ ਦੇ ਨਾਲ ਜੱਸਦੇ ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ
ਕੋਈ ਓਢਨੀ ਲਾਹ ਕੇ ਮੁਖ ਪੂੰਝੇ ਧੋ ਧਾ ਭਭੂਤ ਚਾ ਲਾਂਵਦੀ ਹੈ
ਕਾਈ ਮੁਖ ਰੰਝੇਟੇ ਦੇ ਨਾਲ ਜੋੜੇ ਤੇਰੀ ਤਰ੍ਹਾ ਕੀ ਜੋਗੀਆ ਚਾਹੁੰਦੀ ਹੈ
ਸਹਿਤੀ ਲਾਡ ਦੇ ਨਾਲ ਚਵਾ ਕਰਕੇ ਚਾ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ
ਰਾਂਝੇ ਪੁੱਛਿਆ ਕੌਣ ਹੈ ਇਹ ਨਢੀ ਧੀ ਅਜੂ ਦੀ ਕਾਈ ਚਾ ਆਂਹਦੀ ਹੈ
ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ
ਵਾਰਸ ਸ਼ਾਹ ਨਣਾਨ ਹੈ ਹੀਰ ਸੰਦੀ ਧਿਉ ਖੇੜਿਆਂ ਦੇ ਬਾਦਸ਼ਾਹਾਂ ਦੀ ਹੈ
327. ਰਾਂਝੇ ਦਾ ਉੱਤਰ
ਅੱਜੂ ਧੀ ਰੱਖੀ ਧਾੜੇ ਮਾਰ ਲਬੜ ਮੁਸ਼ਟੰਡੜੀ ਤ੍ਰਿੰਜਨੀਂ ਘੁੰਮਦੀ ਹੈ
ਕਰੇ ਆਨ ਬੇਅਦਬੀਆਂ ਨਾਲ ਫਕਰਾਂ ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ
ਫਿਰੇ ਨਚਦੀ ਸ਼ੋਖ ਬੇਹਾਨ ਘੋੜੀ ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ
ਸਿਰਦਾਰ ਹੈ ਲੋਹਕਾਂ ਲਾਹਕਾਂ ਦੀ ਪੀਣਹ ਡੋਲ੍ਹਦੀ ਤੇ ਤੌਣ ਲੁੰਬਦੀ ਹੈ
ਵਾਰਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ ਬੁਨਿਆਦ ਪਰ ਜ਼ੁਲਮ ਦੀ ਖੁੰਬਦੀ ਹੈ