

332. ਜੱਟੀ ਨੇ ਰਾਂਝੇ ਨੂੰ ਬੁਰਾ ਭਲਾ ਕਿਹਾ
ਜੱਟੀ ਬੋਲ ਕੇ ਦੁੱਧ ਦੀ ਕਸਰ ਕਢੀ ਸੱਭੇ ਅੜਤਨੇ ਪੜਤਨੇ ਪਾੜ ਸੁੱਟੇ
ਪੁਣੇ ਦਾਦ ਪੜਦਾਦੜੇ ਜੋਗੀੜੀ ਦੇ ਸੱਭੇ ਟੰਗਨੇ ਤੇ ਸਾਕ ਟਾੜ੍ਹ ਸੁੱਟੇ
ਮਾਰ ਬੋਲੀਆਂ ਗਾਲੀਆਂ ਦੇ ਜੱਟੀ ਸਭ ਫਕਰ ਦੇ ਪਿਤੜੇ ਸਾੜ ਸੁੱਟੇ
ਜੋਗੀ ਰੋਹ ਦੇ ਨਾਲ ਖੜਲੱਤ ਘੱਤੀ ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ
ਜੱਟੀ ਜ਼ਮੀਂ ਤੇ ਪਟੜੇ ਵਾਂਗ ਢੱਠੀ ਜੈਸੇ ਵਾਹਰੂ ਫਟ ਕੇ ਧਾੜ ਸੁਟੇ
ਵਾਰਸ ਸ਼ਾਹ ਮੀਆਂ ਜਿਵੇਂ ਮਾਰ ਤੇਸ਼ੇ ਫਰਹਾਦ ਨੇ ਚੀਰ ਪਹਾੜ ਸੁੱਟੇ
333. ਜੱਟ ਦੀ ਫਰਿਆਦ
ਜੱਟ ਦੇਖ ਕੇ ਜੱਟੀ ਨੂੰ ਕਾਂਗ ਕੀਤੀ ਦੇਖੋ ਪਰੀ ਨੂੰ ਰਿਛ ਪਥੱਲਿਆ ਜੇ
ਮੇਰੀ ਸਈਆ ਦੀ ਮੋਹਰਨ ਮਾਰ ਜਿੰਦੋ ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ
'ਲੋਕਾਂ ਬਾਹੁੜੀ' ਤੇ ਫਰਿਆਦ ਕੂਕੇ ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ
ਪਿੰਡ ਵਿੱਚ ਇਹ ਆਣ ਬਲਾ ਵਿੱਜੀ ਜੇਹਾ ਜਿੰਨ ਪਛਵਾੜ ਵਿੱਚ ਮੱਲਿਆ ਜੇ
ਪਕੜ ਲਾਠੀਆਂ ਗੱਭਰੂ ਆਣ ਢੁੱਕੇ ਵਾਂਗ ਗਾਂਢਵੇਂ ਕਣਕ ਦੇ ਹੱਲਿਆ ਜੇ
ਵਾਰਸ ਸ਼ਾਹ ਜਿਉਂ ਧੂਇਆਂ ਸਿਰਕਿਆਂ ਤੋਂ ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ
334. ਜੱਟੀ ਦੀ ਮਦਦ ਤੇ ਆਏ
ਆਇ ਆਇ ਮੁਹਾਣਿਆਂ ਜਦੋਂ ਕੀਤੀ ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ
ਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ ਜੋਗੀ ਹੋਰੀਂ ਭੀ ਜੀ ਚੁਰਾਇ ਗਏ
ਦੇਖੋ ਫਕਰ ਅੱਲਾਹ ਦੇ ਮਾਰ ਜੱਟੀ ਓਸ ਜਟ ਨੂੰ ਵਾਇਦਾ ਪਾਇ ਗਏ
ਜਦੋਂ ਮਾਰ ਚੌਤਰਫ ਤਿਆਰ ਹੋਈ ਓਥੋਂ ਆਪਣਾ ਆਪ ਖਿਸਕਾਇ ਗਏ
ਇੱਕ ਫਾਟ ਕੱਢੀ ਸਭੇ ਸਮਝ ਗਈਆਂ ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ
ਜਦੋਂ ਖਸਮ ਮਿਲੇ ਪਿੱਛੋਂ ਵਾਹਰੋ ਦੇ ਤਦੋਂ ਧਾੜਵੀ ਖੁਰੇ ਉਠਾਇ ਗਏ
ਹੱਥ ਲਾਇਕੇ ਬਰਕਤੀ ਜਵਾਨ ਪੂਰੇ ਕਰਾਮਾਤ ਜ਼ਾਹਰਾ ਦਿਖਲਾਇ ਗਏ
ਵਾਰਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ ਜਾਨ ਰਖ ਕੇ ਚੋਟ ਚਲਾਇ ਗਏ