

ਸਰਸਾਮ ਸੌਦਾਅ ਜ਼ੁਕਾਮ ਨਜ਼ਲਾ ਇਹ ਸ਼ਰਬਤਾਂ ਨਾਲ ਪਟਾਵਨੇ ਹਾਂ
ਸਿਲ ਨਫਖ ਇਸਤਸਕਾ ਹੋਵੇ ਲਹਿਮ ਤਬਲ ਤੇ ਵਾਉ ਵਨਜਾਵਨੇ ਹਾਂ
ਲੂਤ ਫੋੜੀਆਂ ਅਤੇ ਗੰਭੀਰ ਚੰਬਲ ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ
ਹੋਵੇ ਪੁਟਪੁਟੀ ਪੀੜ ਕਿ ਅੱਧ ਸੀਸੀ ਉਹਦਾ ਗਟਾ ਦਿਨ ਅੱਠਵੇਂ ਪਾਵਨੇ ਹਾਂ
ਅਧਰੰਗ ਮੁਖ ਭੈਗਨੀਆ ਹੋਵੇ ਜਿਸੋ ਨੂੰ ਸ਼ੀਸ਼ਾ ਹਲਬ ਦਾ ਕਢ ਦਖਾਵਨੇ ਹਾਂ
ਮਿਰਗੀ ਹੋਊਸ ਤਾਂ ਲਾਹ ਕੇ ਪੈਰ ਛਿੱਤਰ ਨਕ ਤੇ ਚਾ ਸੁੰਘਾਵਨੇ ਹਾਂ
ਝੋਲਾ ਮਾਰ ਜਾਏ ਟੰਗ ਸੁਨ ਹੋਵੇ ਤਦੋਂ ਪੈਨ ਦਾ ਤੇਲ ਮਲਾਵਨੇ ਹਾਂ
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ ਧਨੀਆਂ ਭਿਉਂ ਕੇ ਚਾ ਪਵਾਵਨੇ ਹਾਂ
ਨਾਮਰਦ ਨੂੰ ਚੀਚ ਵੋਹਟੀਆਂ ਦਾ ਤੇਲ ਕੱਢ ਕੇ ਨਿੱਤ ਮਲਾਵਨੇ ਹਾਂ
ਜੇ ਕਿਸੇ ਨੂੰ ਬਾਦ ਫਰੰਗ ਹੋਵੇ ਤੇ ਰਸਕਪੁਰ ਤੇ ਲੌਂਗ ਦਵਾਵਨੇ ਹਾਂ
ਪਰਮੇਵ ਸੁਜ਼ਾਕ ਤੇ ਛਾਹ ਮੋਤੀ ਉਹਨੂੰ ਇੰਦਰੀ ਝਾੜ ਦਵਾਵਨੋ ਹਾਂ
ਅਤੀ ਸਾਰ ਨਬਾਹੀਆਂ ਸੂਲ ਜਿਹੜੇ ਈਸਬਗੋਲ ਹੀ ਘੋਲ ਪਿਵਾਵਨੇ ਹਾਂ
ਵਾਰਸ ਸ਼ਾਹ ਜਿਹੜੀ ਉਠ ਬਹੇ ਨਾਹੀਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ
379. ਉੱਤਰ ਸਹਿਤੀ
ਲਖ ਵੈਦਗੀ ਵੈਦ ਲਗਾ ਥੱਕੇ ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ
ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ ਕਿਸੇ ਵੈਦਗੀ ਨਾਲ ਨਾ ਮੋੜਨੀ ਵੇ
ਜਿਸ ਕਮ ਵਿੱਚ ਵੌਹਟੜੀ ਹੋਵੇ ਚੰਗੀ ਸੋਈ ਖੈਰ ਹੈ ਅਸਾਂ ਨਾ ਲੋੜਨੀ ਵੇ
ਵਾਰਸ ਸ਼ਾਹ ਆਜ਼ਾਰ ਹੋਰ ਸਭ ਮੁਠਦੇ ਇਹ ਕਤਈ ਨਾ ਕਿਸੇ ਨੇ ਮੋੜਨੀ ਵੇ
380. ਉੱਤਰ ਰਾਂਝਾ
ਮਨ ਜ਼ਾਹੀਕਾ ਜੁਹੀਕਾ ਹੁਕਮ ਹੋਇਆ ਗੱਲ ਫਕਰ ਦੀ ਨੂੰ ਨਾਹੀਂ ਹੱਸੀਏ ਨੀ
ਜੋ ਕੁਝ ਕਹਿਣ ਫਕੀਰ ਸੋ ਰੱਬ ਆਖੇ ਫਕਰ ਦੇ ਥੋਂ ਨਾਹੀਂ ਨੱਸੀਏ ਨੀ
ਹੋਵੇ ਖੈਰ ਤੇ ਦੇਹੀ ਦਾ ਰੋਗ ਜਾਏ ਨਿਤ ਪਹਿਨੀਏ ਖਾਈਏ ਵੱਸੀਏ ਨੀ
ਭਲਾ ਬੁਰਾ ਜੋ ਦੇਖੀਏ ਮਸ਼ਟ ਕਰੀਏ ਭੇਤ ਫਕਰ ਦਾ ਮੂਲ ਨਾ ਦੱਸੀਏ ਨੀ
ਹੱਥ ਬੰਨ੍ਹ ਫਕੀਰ ਤੇ ਸਿਦਕ ਕੀਜੇ ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ
ਦੁਖ ਦਰਦ ਤੇਰੇ ਸਭ ਜਾਣ ਕੁੜੀਏ ਭੇਤ ਜਿਊ ਖੋਲ ਕੇ ਦੱਸੀਏ ਨੀ
381. ਉੱਤਰ ਸਹਿਤੀ
ਸਹਿਤੀ ਗੱਜ ਕੇ ਆਖਦੀ ਛੱਡ ਜੱਟਾ ਖੋਹ ਸਭ ਨਵਾਲੀਆਂ ਸੱਟੀਆਂ ਨੀ
ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ ਪਰ ਏਸ ਵਿਹੜੇ ਵਿੱਚ ਜੱਟੀਆਂ ਨੀ
ਅਸਾਂ ਏਤਨੀ ਗੱਲ ਮਾਅਲੂਮ ਕੀਤੀ ਇਹ ਜੱਟੀਆਂ ਮੁਲਕ ਦੀਆਂ ਢਠੀਆਂ ਨੀ
ਡੂਮਾਂ ਰਾਵਲਾਂ ਕੋਨੀਤਾਂ ਜੱਟੀਆਂ ਦੀਆਂ ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ
ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ
ਪਵੇ ਢਿਡ ਤੇ ਅਕਲ ਦੀ ਮਾਰ ਵਾਰਸ ਛਾਹਾਂ ਪੀਣ ਤਰਬੇਹਈਆਂ ਖੱਟੀਆਂ ਨੀ
382. ਉੱਤਰ ਰਾਂਝਾ
ਹੌਲੀ ਸਹਿਜ ਸਭਿਉ ਦੀ ਗੱਲ ਕੀਚੇ ਨਾਹੀਂ ਕੜਕੀਏ ਬੋਲੀਏ ਗੱਜੀਏ ਨੀ
ਲਖ ਝੁਟ ਤਰਲੇ ਫਿਰੇ ਕੋਈ ਕਰਦਾ ਦਿੱਤੇ ਰੱਬ ਦੇ ਬਾਜ਼ ਨਾ ਰੱਜੀਏ ਜੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਲਖ ਔਗਣਾਂ ਹੋਣ ਤਾਂ ਕੱਜੀਏ ਨੀ
ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ
ਚੌਦਾਂ ਤਬਕ ਨੌ ਖੰਡ ਦੀ ਖਬਰ ਸਾਨੂੰ ਮੂੰਹ ਫਕਰ ਥੋਂ ਕਾਸ ਨੂੰ ਕੱਜੀਏ ਨੀ
ਜੈਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ
ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇ ਏਸ ਅਕਲ ਦੇ ਨਾਲ ਕੁਚੱਜੀਏ ਨੀ
ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ ਮੂੰਹ ਫਕਰ ਥੋਂ ਕਾਸਨੂੰ ਲੱਜੀਏ ਨੀ
ਵਾਰਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ ਜਦੋਂ ਆਪਨੀ ਜਾਨ ਨੂੰ ਤੱਜੀਏ ਨੀ
383. ਉੱਤਰ ਸਹਿਤੀ
ਕੇਹੀ ਵੈਦਗੀ ਆਨ ਮਚਾਇਆ ਕਿਸ ਵੈਦ ਨੇ ਦੱਸ ਪੜ੍ਹਾਇਆ ਹੈ
ਵਾਂਗ ਚੌਧਰੀ ਆਨ ਕੇ ਪੈਂਚ ਬਨਿਓਂ ਕਿਸ ਚਿੱਠੀਆਂ ਘਲ ਸਦਾਇਆ ਹੈ
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ
ਵੱਡੇ ਦਗ਼ ਤੇ ਫਨ ਫਰੇਬ ਫੜਿਉਂ ਔਵੇਂ ਕੰਨ ਪੜਾ ਗਵਾਇਆ ਹੈ।
ਨਾ ਤੂੰ ਜਟ ਰਹਿਉਂ ਨਾ ਤੂੰ ਫਕੀਰ ਹੋਇਉ ਐਵੇਂ ਮੁੰਨ ਕੇ ਘੋਨ ਕਰਾਇਆ ਹੈ
ਨਾ ਜਮਿਉਂ ਨਾ ਕਿਸੇ ਮਤ ਦਿੱਤੀ ਮਰ ਪਿਟ ਕੇ ਕਿਸੇ ਅਲਾਹਿਆ ਹੈ।
ਬੁਰੇ ਦੇਹਾਂ ਦੀਆਂ ਫੇਰੀਆਂ ਏਹ ਹੈਨੀ ਅੱਜ ਰਬ ਨੇ ਇਕ ਕੁਟਾਇਆਂ ਹੈ
ਵਾਰਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ ਜਿਸ ਵਾਸਤੇ ਰੱਬ ਬਣਾਇਆ ਹੈ।