ਪਰ੍ਹੇ ਵਿੱਚ ਬੇਗ਼ੈਰਤੀ ਕੁੱਲ ਹੋਈ, ਚੋਭ ਵਿੱਚ ਕਲੇਜੜੇ ਚਸਕਦੀ ਏ।
ਬੇਸ਼ਰਮ ਹੈ ਟੱਪ ਕੇ ਸਿਰੇ ਚੜ੍ਹਦਾ, ਭਲੇ ਆਦਮੀ ਦੀ ਜਾਨ ਧਸਕਦੀ ਏ ।
ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ, ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ ।
ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ, ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ ਏ।
ਉਠ ਰਾਂਝਨਾ ਵੇ ਬਾਬਲ ਆਂਵਦਾ ਈ, ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ ਏ ।
ਮੈਨੂੰ ਛੱਡ ਸਹੇਲੀਆਂ ਨੱਸ ਗਈਆਂ, ਮਕਰ ਨਾਲ ਹੌਲੀ ਹੌਲੀ ਬੁਸਕਦੀ ਏ।
ਵਾਰਿਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ, ਸਾਹ ਘੁਟ ਜਾਂਦੀ ਨਾਹੀਂ ਕੁਸਕਦੀ ਏ ।
(ਟੱਪ ਕੇ=ਪੁੱਜ ਕੇ, ਰਿਸ਼ਕਦੀ=ਹੌਲੀ ਹੌਲੀ ਖਿਸਕਦੀ, ਧਸਕਦੀ=ਥੱਲੇ ਨੂੰ ਜਾਂਦੀ, ਬੁਸਕਦੀ=ਹਟਕੋਰੇ ਲੈਂਦੀ)
ਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ, ਗੁੱਸਾ ਖਾਇਕੇ ਹੋਇਆ ਈ ਰੱਤ ਵੰਨਾ।
ਇਹ ਵੇਖ ਨਿਘਾਰ ਖੁਦਾਇ ਦਾ ਜੀ, ਬੇਲੇ ਵਿੱਚ ਇਕੱਲੀਆਂ ਫਿਰਨ ਰੰਨਾਂ ।
ਅਖੀਂ ਨੀਵੀਆਂ ਰੱਖ ਕੇ ਠੁਮਕ ਚੱਲੀ, ਹੀਰ ਕੱਛ ਵਿੱਚ ਮਾਰ ਕੇ ਥਾਲ ਛੰਨਾ।
ਚੂਚਕ ਆਖਦਾ ਰਖ ਤੂੰ ਜਮ੍ਹਾਂ ਖ਼ਾਤਰ, ਤੇਰੇ ਸੋਟਿਆਂ ਨਾਲ ਮੈ ਲਿੰਙ ਭੰਨਾਂ ।
(ਖਾਤਰ ਜਮ੍ਹਾਂ ਰੱਖ=ਤਸੱਲੀ ਰਖ, ਠਹਿਰ)
ਮਹੀਂ ਛਡ ਮਾਹੀ ਉਠ ਜਾਏ ਭੁੱਖਾ, ਉਸ ਦੇ ਖਾਣੇ ਦੀ ਖ਼ਬਰ ਨਾ ਕਿਸੇ ਲੀਤੀ।
ਭੱਤਾ ਫੇਰ ਨਾ ਕਿਸੇ ਲਿਆਵਣਾ ਈ, ਏਦੂੰ ਪਿਛਲੀ ਬਾਬਲਾ ਹੋਈ ਬੀਤੀ ।
ਮਸਤ ਹੋ ਬੇਹਾਲ ਤੇ ਮਹਿਰ ਖਲਾ, ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ।
ਕਿਤੇ ਨੱਢੀ ਦਾ ਚਾਇ ਵਿਵਾਹ ਕੀਚੈ, ਇਹ ਮਹਿਰ ਨੇ ਜਿਉ ਦੇ ਵਿੱਚ ਕੀਤੀ।
(ਅਬਦਾਲ=ਦਰਵੇਸ਼ਾਂ ਦਾ ਇੱਕ ਫਿਰਕਾ ਜਿਹੜਾ ਭੰਗ ਪੀਂਦਾ ਹੈ)
ਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ, ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ ।
ਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ, ਕੂੰਮਾਂ ਓਸ ਅੱਗੇ ਵੱਡੇ ਮਾਲ ਦੀਆਂ।
ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਖ਼ਤ ਲਿਖਿਆ, ਜ਼ਾਤਾਂ ਮਹਿਰਮ ਜ਼ਾਤ ਦੇ ਹਾਲ ਦੀਆਂ ।
ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ, ਇਹ ਕੁਦਰਤਾਂ ਜੱਲ-ਜਲਾਲ ਦੀਆਂ ।
ਸਾਥੋਂ ਰੁੱਸ ਆਇਆ ਤੁਸੀਂ ਮੋੜ ਘੱਲੋ, ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ ।
ਜਿਨਾਂ ਭੋਏਂ ਤੋਂ ਰੁੱਸ ਕੇ ਉਠ ਆਇਆ, ਕਿਆਰੀ ਬਣੀ ਪਈਆਂ ਏਸ ਲਾਲ ਦੀਆਂ।
ਸਾਥੋਂ ਵਾਹੀਆਂ ਬੀਜੀਆਂ ਲਏ ਦਾਣੇ ,ਅਤੇ ਮਾਨੀਆਂ ਪਿਛਲੇ ਸਾਲ ਦੀਆਂ ।
ਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ, ਰੋ ਰੋ ਭਾਬੀਆਂ ਏਸ ਦੀਆਂ ਜਾਲਦੀਆਂ ।
ਮਹੀਂ ਚਾਰਦਿਆਂ ਵਢਿਓਸੁ ਨੱਕ ਸਾਡਾ, ਸਾਥੇ ਖੂਹਣੀਆਂ ਏਸ ਦੇ ਮਾਲ ਦੀਆਂ।
ਮੱਝੀ ਕਟਕ ਨੂੰ ਦੇ ਕੇ ਖਿਸਕ ਜਾਸੀ, ਸਾਡਾ ਨਹੀਂ ਜ਼ਿੰਮਾਂ ਫਿਰੋ ਭਾਲਦੀਆਂ।
ਇਹ ਸੂਰਤਾਂ ਠਗ ਜੋ ਵੇਖਦੇ ਹੋ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੀਆਂ।
(ਖੂਣੀਆਂ=ਖੂਹਣੀ,ਵੱਡੀ ਗਿਣਤੀ, ਜੱਲ-ਜਲਾਲ=ਸਰਬ ਸ਼ਕਤੀਮਾਨ ,ਰੱਬ, ਜਣਾ= ਪੁਰਸ਼,ਰਾਂਝਾ, ਮਾਨੀ = ਜਿਣਸ ਦਾ ਇੱਕ ਮਾਪ ਸਾਥੇ=ਸਾਡੇ ਕੋਲ)
ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ, ਨਹੀਂ ਚਲ ਮੇਲਾ ਅਸੀਂ ਆਵਨੇ ਹਾਂ।
ਗਲ ਪਲੜਾ ਪਾਏ ਕੇ ਵੀਰ ਸੱਭੇ, ਅਸੀਂ ਰੁੱਠੜਾ ਵੀਰ ਮਨਾਵਨੇ ਹਾਂ।
ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ, ਤਦੋਂ ਪਏ ਪਕਾ ਪਕਾਵਨੇ ਹਾਂ।
ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ, ਵਾਰਿਸ ਸ਼ਾਹ ਨੂੰ ਨਾਲ ਲਿਆਵਨੇ ਹਾਂ ।
(ਮੇਲਾ=ਇਕੱਠੇ ਹੋ ਕੇ)
ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ, ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇ ।
ਸਾਰਾ ਪਿੰਡ ਡਰਦਾ ਓਸ ਚਾਕ ਕੋਲੋਂ, ਸਿਰ ਮਾਹੀਆਂ ਦੇ ਉਹਦਾ ਕੁੰਡੜਾ ਜੇ ।
ਅਸਾਂ ਜਟ ਹੈ ਜਾਣ ਕੇ ਚਾਕ ਲਾਇਆ, ਦੇਈਏ ਤਰਾਹ ਜੇ ਜਾਈਏ ਗੁੰਡੜਾ ਜੇ ।
ਇਹ ਗੱਭਰੂ ਘਰੋਂ ਕਿਉਂ ਕਢਿਆ ਜੇ, ਲੰਙਾ ਨਹੀਂ ਕੰਮਚੋਰ ਨਾ ਟੁੰਡੜਾ ਜੇ ।
ਸਿਰ ਸੌਂਹਦੀਆਂ ਬੋਦੀਆਂ ਨੱਢੜੇ, ਦੇ ਕੰਨੀ ਲਾਡਲੇ ਦੇ ਬਣੇ ਬੁੰਦੜਾ ਜੇ ।
ਵਾਰਿਸ ਸ਼ਾਹ ਨਾ ਕਿਸੇ ਨੂੰ ਜਾਣਦਾ ਹੈ, ਪਾਸ ਹੀਰ ਦੇ ਰਾਤ ਦਿੰਹੁ ਹੁੰਦੜਾ ਜੇ ।
ਘਰ ਆਈਆਂ ਦੌਲਤਾਂ ਕੌਣ ਮੋੜੇ, ਕੋਈ ਬੰਨ੍ਹ ਪਿੰਡੋਂ ਕਿਸੇ ਟੋਰਿਆ ਈ ।
ਅਸਾਂ ਜਿਉਂਦਿਆਂ ਨਹੀਂ ਜਵਾਬ ਦੇਣਾ, ਸਾਡਾ ਰੱਬ ਨੇ ਜੋੜਨਾ ਜੋੜਿਆ ਈ ।
ਖ਼ਤਾਂ ਚਿੱਠੀਆਂ ਅਤੇ ਸੁਨੇਹਿਆਂ ਤੇ, ਕਿਸੇ ਲੁਟਿਆ ਮਾਲ ਨਾ ਮੋੜਿਆ ਈ।
ਜਾਏ ਭਾਈਆਂ ਭਾਬੀਆਂ ਪਾਸ ਜਮ ਜਮ, ਕਿਸੇ ਨਾਹੀਉਂ ਹਟਕਿਆ ਹੋੜਿਆ ਈ ।
ਵਾਰਿਸ ਸ਼ਾਹ ਸਿਆਲਾਂ ਦੇ ਬਾਗ਼ ਵਿੱਚੋਂ, ਅਸਾਂ ਫੁੱਲ ਗੁਲਾਬ ਦਾ ਤੋੜਿਆ ਈ।
ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ, ਖ਼ਤ ਹੀਰ ਸਿਆਲ ਨੂੰ ਲਿਖਿਆ ਈ ।
ਸਾਥੋਂ ਛੈਲ ਸੋ ਅੱਧ ਵੰਡਾਏ ਸੁੱਤੀ, ਲੋਕ ਯਾਰੀਆਂ ਕਿਧਰੋਂ ਸਿਖਿਆ ਈ।
ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ, ਬੋਲ ਬੋਲ ਕੇ ਖਰਾ ਤ੍ਰਿਖਿਆ ਈ ।
ਸਾਡਾ ਲਾਲ ਮੋੜੋ ਸਾਨੂੰ ਖ਼ੈਰ ਘੱਤੋ, ਜਾਣੋਂ ਕਮਲੀਆਂ ਨੂੰ ਪਾਈ ਭਿਖਿਆ ਈ ।
ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ, ਕਰ ਸਾਰਦਾ ਦੀਦੜਾ ਤ੍ਰਿਖਿਆ ਈ ।
ਝੁਟ ਕੀਤਿਆਂ ਲਾਲ ਨਾ ਹਥ ਆਵਣ, ਸੋਈ ਮਿਲੇ ਜੋ ਤੋੜ ਦਾ ਲਿਖਿਆ ਈ।
ਕੋਈ ਢੂੰਡ ਵਡੇਰੜਾ ਕੰਮ ਜੋਗਾ, ਅਜੇ ਇਹ ਨਾ ਯਾਰੀਆਂ ਸਿਖਿਆ ਈ ।
ਵਾਰਿਸ ਸ਼ਾਹ ਲੈ ਚਿੱਠੀਆਂ ਦੌੜਿਆ ਈ, ਕੰਮ ਕਾਸਦਾਂ ਦਾ ਮੀਆਂ ਸਿਖਿਆ ਈ।
(ਵੰਡਾਏ ਸੁੱਤੀ=ਸੁੱਤੀ ਨੇ ਅੱਧ ਲੈ ਲਿਆ, ਕਾਸਦ= ਸੁਨੇਹਾ ਲਿਜਾਣ ਵਾਲਾ)