ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈ, ਰੱਬਾ ਮੇਲ ਤੂੰ ਚਿਰੀਂ ਵਿਛੁੰਨਿਆਂ ਨੂੰ ।
ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ, ਲੱਗਾ ਲੂਣ ਕਲੇਜਿਆਂ ਭੁੰਨਿਆਂ ਨੂੰ ।
ਮੌਤ ਅਤੇ ਸੰਜੋਗ ਨਾ ਟਲੇ ਮੂਲੇ, ਕੌਣ ਮੋੜਦਾ ਸਾਹਿਆਂ ਪੁੰਨਿਆਂ ਨੂੰ ।
ਜੋਗੀ ਹੋਇਕੇ ਆ ਤੂੰ ਸੱਜਣਾ ਵੇ, ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ ।
ਕਿਸੇ ਤੱਤੜੇ ਵਕਤ ਸੀ ਨਿਹੁੰ ਲੱਗਾ, ਵਾਰਿਸ ਬੀਜਿਆ ਦਾਣਿਆਂ ਭੁੰਨਿਆ ਨੂੰ ।
(ਚਿਰੀ ਵਿਛੁੰਨੇ=ਦੇਰ ਦੇ ਵਿਛੜੇ, ਸਾਹਿਆ ਪੁੰਨਿਆਂ ਨੂੰ=ਵਕਤ ਪੂਰਾ ਹੋਏ ਨੂੰ)
ਕਾਇਦ ਆਬਖੋਰ ਦੇ ਖਿੱਚੀ ਵਾਂਗ ਕਿਸਮਤ, ਕੋਇਲ ਲੰਕ ਦੇ ਬਾਗ਼ ਦੀ ਗਈ ਦਿੱਲੀ।
ਮੈਨਾ ਲਈ ਬੰਗਾਲਿ ਚਾਕ ਕਮਲੇ, ਖੇੜਾ ਪਿਆ ਅਜਗੈਬ ਦੀ ਆਣ ਬਿੱਲੀ ।
ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ, ਹੀਰ ਨਾਹੀਉਂ ਇਸ਼ਕ ਦੇ ਵਿੱਚ ਢਿੱਲੀ ।
ਕੋਈ ਜਾਇਕੇ ਪਕੜ ਫਕੀਰ ਕਾਮਿਲ, ਫਕਰ ਮਾਰਦੇ ਵਿੱਚ ਰਜ਼ਾ ਕਿੱਲੀ।
ਵਾਰਿਸ ਸ਼ਾਹ ਮਸਤਾਨੜਾ ਹੈ ਲੱਲ੍ਹੀ, ਸੇਲ੍ਹੀ ਗੋਦੜੀ ਬੰਨ੍ਹ ਹੈ ਸ਼ੇਖ਼ ਚਿੱਲੀ ।
(ਕਾਇਦ=ਕਾਫਲੇ ਦਾ ਸਰਦਾਰ ਲੀਡਰ, ਆਬਖੋਰ =ਦਾਣਾ ਪਾਣੀ,ਕਿਸਮਤ, ਮਾਰਦੇ ਰਜਾ ਵਿੱਚ ਕਿੱਲੀ=ਰੇਖ ਵਿੱਚ ਮੇਖ ਮਾਰਦੇ, ਲੱਲ੍ਹੀ=ਗੋਦੜੀ ਪਹਿਨਣ ਵਾਲਾ ਫਕੀਰ, ਕਮਲਾ)
ਦਿੱਤੀ ਹੀਰ ਲਿਖਾਇਕੇ ਇਹ ਚਿੱਠੀ, ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ।
ਕਿਤੇ ਬੈਠ ਨਿਵੇਕਲਾ ਸੱਦ ਮੁੱਲਾਂ, ਸਾਰੀ ਖੋਲ੍ਹ ਕੇ ਬਾਤ ਸੁਣਾ ਦੇਣੀ।
ਹੱਥ ਬੰਨ੍ਹ ਕੇ ਮੇਰਿਆ ਸੱਜਣਾਂ ਨੂੰ, ਰੋ ਰੋ ਸਲਾਮ ਦੁਆ ਦੇਣੀ।
ਮਰ ਚੁੱਕੀਆਂ ਜਾਨ ਹੈ ਨੱਕ ਉਤੇ, ਹਿੱਕ ਵਾਰ ਜੇ ਦੀਦਨਾ ਆ ਦੇਣੀ ।
ਖੇੜੇ ਹੱਥ ਨਾ ਲਾਵਦੇ ਮੰਜੜੀ ਨੂੰ, ਹੱਥ ਲਾਇਕੇ ਗੈਰ ਵਿੱਚ ਪਾ ਦੇਣੀ ।
ਕਖ ਹੋ ਰਹੀਆ ਗ਼ਮਾਂ ਨਾਲ ਰਾਂਝਾ, ਏਹ ਚਿਣਗ ਲੈ ਜਾਇਕੇ ਲਾ ਦੇਣੀ ।
ਮੇਰਾ ਯਾਰ ਹੈਂ ਤਾਂ ਮੈਥੇ ਪਹੁੰਚ ਮੀਆਂ, ਕੰਨ ਰਾਂਝੇ ਦੇ ਏਤਨੀ ਪਾ ਦੇਣੀ ।
ਮੇਰੀ ਲਈ ਨਿਸ਼ਾਨਤੀ ਬਾਂਕ ਛੱਲਾ, ਰਾਂਝੇ ਯਾਰ ਦੇ ਹੱਥ ਲਿਜਾ ਦੇਣੀ ।
ਵਾਰਿਸ ਸ਼ਾਹ ਮੀਆਂ ਉਸ ਕਮਲੜੇ ਨੂੰ, ਢੰਗ ਜੁਲਫ਼ ਜੰਜੀਰ ਦੀ ਪਾ ਦੇਣੀ।
(ਦੀਦਨਾ=ਦੇਖਣਾ, ਕਖ-ਤੀਲਾ, ਚਿਣਗ=ਚੰਗਿਆੜੀ,ਅੱਗ)
ਅੱਗੇ ਚੂੰਡੀਆਂ ਨਾਲ ਹੰਢਾਇਆ ਈ, ਜੁਲਫ਼ ਕੁੰਡਲਾਂਦਾਰ ਹੁਣ ਵੇਖ ਮੀਆਂ।
ਘਤ ਕੁੰਡਲੀ ਨਾਗ ਸਿਆਹ ਪਲਮੇ, ਵੇਖੇ ਉਹ ਭਲਾ ਜਿਸ ਲੇਖ ਮੀਆਂ।
ਮਲੇ ਵਟਣਾ ਲੋੜ੍ਹ ਦੰਦਾਸੜੇ ਦਾ, ਨੈਣ ਖੂਨੀਆਂ ਦੇ ਭਰਨ ਭੇਖ ਮੀਆਂ।
ਆ ਹੁਸਨ ਦੀ ਦੀਦ ਕਰ ਵੇਖ ਜੁਲਫ਼ਾ, ਖੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ।
ਵਾਰਿਸ ਸ਼ਾਹ ਫ਼ਕੀਰ ਹੋ ਪਹੁੰਚ ਮੈਂਥੇ, ਫ਼ਕਰ ਮਾਰਦੇ ਰੇਖ ਵਿੱਚ ਮੇਖ ਮੀਆਂ।
(ਚੂੰਡੀਆ=ਲੰਮੇ ਵਾਲ, ਕੁੰਡਲੀ=ਚੱਕਰ, ਵਲ, ਲੇਖ=ਕਿਸਮਤ)
ਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ, ਨਢੀ ਮੋਈ ਹੈ ਨੱਕ ਤੇ ਜਾਨ ਆਈ।
ਕੋਈ ਪਾ ਭੁਲਾਵੜਾ ਠਗਿਓਈ, ਸਿਰ ਘੱਤਿਉ ਚਾ ਮਸਾਨ ਮੀਆਂ।
ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ, ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ।
ਇੱਕ ਘੜੀ ਆਰਾਮ ਨਾ ਆਉਂਦਾ ਈ, ਕੇਹਾ ਠੋਕਿਉ ਪ੍ਰੇਮ ਦਾ ਬਾਣ ਮੀਆਂ ।
ਤੇਰਾ ਨਾਉ ਲੈ ਕੇ ਨੱਢੀ ਜਿਉਂਦੀ ਹੈ, ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ ।
ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ, ਓਥੇ ਨਿਤ ਪੌਦੇ ਘਮਸਾਣ ਮੀਆਂ।
ਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ, ਰਹੇ ਲੋਗ ਬਹੁਤੇਰੜਾ ਰਾਣ ਮੀਆਂ ।
ਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ, ਮੇਜਾਂ ਨਾਲ ਤੂੰ ਨੱਢੜੀ ਮਾਣ ਮੀਆਂ।
ਵਾਰਿਸ ਸ਼ਾਹ ਮੀਆਂ ਸਭ ਕੰਮ ਹੁੰਦੇ, ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ।
(ਨੰਕ ਤੇ ਜਾਨ=ਮਰਨ ਕੱਢੇ, ਭੁਲਾਵਤਾ=ਭੁਲੇਖਾ, ਰਾਣ=ਕਹਿ ਰਹੇ)
ਚਿੱਠੀ ਨਾਉ ਤੇਰੇ ਲਿਖੀ ਨੱਢੜੀ ਨੇ, ਵਿੱਚੇ ਲਿਖੇ ਸੂ ਦਰਦ ਫਿਰਾਕ ਸਾਰੇ।
ਰਾਂਝਾ ਤੁਰਤ ਪੜ੍ਹਾਇਕੇ ਫਰਸ਼ ਹੋਇਆ, ਦਿਲੋਂ ਆਹ ਦੇ ਠੰਡੜੇ ਸਾਹ ਮਾਰੇ।
ਮੀਆਂ ਲਿਖ ਤੂੰ ਦਰਦ ਫ਼ਿਰਾਕ ਮੇਰਾ, ਜਿਹੜਾ ਅੰਬਰੋਂ ਸੁਟਦਾ ਤੋੜ ਤਾਰੇ।
ਘਾ ਲਿਖ ਦਿਲੇ ਦੇ ਦੁਖੜੇ ਦੇ, ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ ।
(ਫਰਸ਼ ਹੋਇਆ=ਧਰਤੀ ਤੇ ਲੇਟ ਗਿਆ)
ਲਿਖਿਆ ਇਹ ਜਵਾਬ ਰੰਝੇਟੜੇ ਨੇ, ਜਦੋਂ ਜੀਊ ਵਿੱਚ ਉਸ ਦੇ ਸ਼ੋਰ ਪਏ।
ਓਸੇ ਰੋਜ ਦੇ ਅਸੀਂ ਫ਼ਕੀਰ ਹੋਏ, ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ।
ਪਹਿਲੇ ਦੁਆ ਸਲਾਮ ਪਿਆਰਿਆਂ ਨੂੰ, ਮਝੋ ਵਾਹ ਫਿਰਾਕ ਦੇ ਬੋੜ ਹੋਏ।
ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ, ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ।
ਸਾਡੀ ਜ਼ਾਤ ਸਿਫਾਤ ਬਰਬਾਦ ਕਰਕੇ, ਲੜ ਖੇੜਿਆਂ ਦੇ ਨਾਲ ਜੋੜ ਗਏ।
ਆਪ ਹੱਸ ਕੇ ਸਾਹੁਰੇ ਮੇਲਿਓਨੇ, ਸਾਡੇ ਨੈਣਾਂ ਦਾ ਨੀਰ ਨਖੋੜ ਗਏ।
ਆਪ ਹੈ ਮਹਿਬੂਬ ਜਾ ਸਤਰ ਬੈਠੇ, ਸਾਡੇ ਰੂਪ ਦਾ ਰਸਾ ਨਚੋੜ ਗਏ।
ਵਾਰਿਸ ਸ਼ਾਹ ਮੀਆਂ ਮਿਲੀਆਂ ਵਾਹਰਾਂ ਥੋਂ, ਧੜਵੈਲ ਵੇਖੇ ਜੋਰੋ ਜ਼ੋਰ ਗਏ ।
(ਦਰਪੇਸ਼ ਕੀਤਾ=ਹਾਜ਼ਰ ਕਰ ਦਿੱਤਾ, ਅੱਟੀ=ਪੱਕੀ, ਸੂਤ ਦੀ ਅੱਟੀ ਵਾਂਗੂ ਇੱਕ ਦੂਜੀ ਵਿੱਚ ਫਸਾਈ ਹੋਈ, ਅੱਟੀਆਂ ਨੂੰ ਆਪੋ ਵਿਚ ਫਸਾਉਣ ਦਾ ਇੱਕ ਖਾਸ ਢੰਗ ਹੁੰਦਾ ਹੈ ਅਤੇ ਉਹ ਜੁਦਾ ਨਹੀਂ ਹੁੰਦੀਆਂ, ਨਖੇੜ ਗਏ=ਖਤਮ ਕਰ ਗਏ)