ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆਂ, ਦੇਵਦਤ ਹੈ ਗੁਰੂ ਸੰਦਾਸੀਆਂ ਦਾ।
ਰਾਮਾਨੰਦ ਥੇ ਸਭ ਵੈਰਾਗ ਹੋਇਆ, ਪਰਮ ਜੋਤ ਹੈ ਗੁਰੂ ਉਦਾਸੀਆਂ ਦਾ।
ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ, ਬਿਸ਼ਨ ਅਤੇ ਮਹੇਸ਼ ਸਭ ਰਾਸੀਆਂ ਦਾ ।
ਸੁਥਰਾ ਸੁਥਰਿਆਂ ਦਾ ਨਾਨਕ ਉਦਾਸੀਆਂ ਦਾ, ਸ਼ਾਹ ਮੱਖਣ ਹੈ ਮੁੰਡੇ ਉਪਾਸੀਆਂ ਦਾ।
ਜਿਵੇਂ ਸਈਅਦ ਜਲਾਲ ਜਲਾਲੀਆਂ ਦਾ ਤੇ ਅਵੈਸ ਕਰਨੀ ਖੱਗਾਂ ਕਾਸੀਆਂ ਦਾ।
ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ, ਤੇ ਅੰਸਾਰ ਅੰਸਾਰੀਆਂ ਤਾਸੀਆਂ ਦਾ ।
ਹੈ ਵਸ਼ਿਸ਼ਟ ਨਿਰਬਾਣ ਵੈਰਾਗੀਆਂ ਦਾ, ਸ੍ਰੀ ਕ੍ਰਿਸ਼ਨ ਭਗਵਾਨ ਉਪਾਸੀਆਂ ਦਾ।
ਹਾਜੀ ਨੇਸ਼ਾਹ ਜਿਵੇਂ ਨੌਸ਼ਾਹੀਆਂ ਦਾ ਅਤੇ ਭਗਤ ਕਬੀਰ ਜੌਲਾਸੀਆਂ ਦਾ।
ਦਸਤਗੀਰ ਦਾ ਕਾਦਰੀ ਸਿਲਸਲਾ ਹੈ, ਤੇ ਫਰੀਦ ਹੈ ਚਿਸ਼ਤ ਅੱਬਾਸੀਆਂ ਦਾ ।
ਜਿਵੇਂ ਸ਼ੈਖ ਤਾਹਿਰ ਪੀਰ ਹੈ ਮੋਚੀਆਂ ਦਾ, ਸ਼ਮਸ ਪੀਰ ਸੁਨਿਆਰਿਆਂ ਚਾਸੀਆਂ ਦਾ।
ਨਾਮ ਦੇਵ ਹੈ ਗੁਰੂ ਛੀਂਬਿਆਂ ਦਾ, ਲੁਕਮਾਨ ਲੁਹਾਰ ਤਰਖਾਸੀਆਂ ਦਾ।
ਖ਼ੁਆਜਾ ਖਿਜ਼ਰ ਹੈ ਮੇਆਂ ਮੁਹਾਣਿਆਂ ਦਾ, ਨਕਸ਼ਬੰਦ ਮੁਗ਼ਲਾਂ ਚੁਗਤਾਸੀਆਂ ਦਾ ।
ਸਰਵਰ ਸਖੀ ਭਰਾਈਆਂ ਸੇਵਕਾਂ ਦਾ, ਲਾਲ ਬੇਗ ਹੈ ਚੂਹੜਿਆਂ ਖਾਸੀਆਂ ਦਾ ।
ਨਲ ਰਾਜਾ ਹੈ ਗੁਰੂ ਜਵਾਰੀਆਂ ਦਾ, ਸ਼ਾਹ ਸੱਮਸ ਨਿਆਰੀਆਂ ਹਾਸੀਆਂ ਦਾ।
ਹਜ਼ਰਤ ਸ਼ੀਸ਼ ਹੈ ਪੀਰ ਜੁਲਾਹਿਆਂ ਦਾ, ਸ਼ੈਤਾਨ ਹੈ ਪੀਰ ਮਰਾਸੀਆਂ ਦਾ।
ਜਿਵੇਂ ਹਾਜੀ ਗਿਲਗੋ ਨੂੰ ਘੁਮਿਆਰ ਮੰਨਣ ਹਜ਼ਰਤ ਅਲੀ ਹੈ ਸੀਆਂ ਖਾਸੀਆਂ ਦਾ।
ਸੁਲੇਮਾਨ ਪਾਰਸ ਪੀਰ ਨਾਈਆਂ ਦਾ, ਅਲੀ ਰੰਗਰੇਜ਼ ਅਦਰੀਸ ਦਰਜਾਸੀਆਂ ਦਾ।
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ, ਭੁਖ ਪੀਰ ਹੈ ਮਸਤਿਆਂ ਪਾਸੀਆਂ ਦਾ ।
ਹੱਸੂ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ, ਸੁਲੇਮਾਨ ਹੈ ਜਿੰਨ ਭੂਤਾਸੀਆਂ ਦਾ ।
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਦਾਊਦ ਹੈ ਜ਼ਰ੍ਹਾ-ਨਵਾਸੀਆਂ ਦਾ ।
ਵਾਰਿਸ ਸ਼ਾਹ ਜਿਉ ਰਾਮ ਹੈ ਹਿੰਦੂਆਂ ਦਾ, ਅਤੇ ਰਹਿਮਾਨ ਹੈ ਮੋਮਨਾਂ ਖਾਸੀਆਂ ਦਾ।
(ਚਾਸੀ=ਕਿਸਾਨ, ਖਾਸੀ=ਕੂੜਾ ਕਰਕਟ ਚੁੱਕਣ ਵਾਲੇ, ਤਾਸੀ=ਸੋਨੇ ਦੇ ਗਹਿਣੇ ਬਨਾਉਣ ਵਾਲੇ, ਪਾਸੀ=ਤਾੜ ਦੇ ਦਰਖੱਤ ਤੋਂ ਤਾੜੀ ਕੱਢਣ ਵਾਲਾ, ਪੀਰ=ਗੁਰੂ, ਜ਼ਰ੍ਹਾ ਨਵਾਸੀ=ਹਰ ਵੇਲੇ ਜਰਹਿ ਬਖ਼ਤਰ ਪਹਿਨਣ ਵਾਲਾ)
ਮਾਯਾ ਉਠਾਈ ਫਿਰਨ ਏਸ ਜੱਗ ਉਤੇ, ਜਿਨ੍ਹਾਂ ਭੌਣ ਤੇ ਕੁਲ ਬਿਹਾਰ ਹੈ ਵੇ ।
ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀ, ਧੁਰੋਂ ਫਿਰਨ ਏਨ੍ਹਾਂਦੜੀ ਕਾਰ ਹੈ ਵੇ।
ਸੂਰਜ ਚੰਦ ਘੋੜਾ ਅਤੇ ਰੂਹ ਚਕਲ, ਨਜ਼ਰ ਸ਼ੇਰ ਪਾਣੀ ਵਣਜਾਰ ਹੈ ਵੇ ।
ਤਾਣਾ ਤਣਨ ਵਾਲੀ ਇੱਲ ਗਧਾ ਕੁੱਤਾ, ਤੀਰ ਛੱਜ ਤੇ ਛੋਕਰਾ ਯਾਰ ਹੈ ਵੇ ।
ਟੋਪਾ ਛਾਣਨੀ ਤੱਕੜੀ ਤੇਜ਼ ਮਰੱਕਬ, ਕਿਲਾ ਤਰੱਕਲਾ ਫਿਰਨ ਵਫ਼ਾਰ ਹੈ ਵੇ ।
ਬਿੱਲੀ ਰੰਨ ਫ਼ਕੀਰ ਤੇ ਅੱਗ ਬਾਂਦੀ, ਏਨ੍ਹਾਂ ਫਿਰਨ ਘਰੋ ਘਰੀ ਕਾਰ ਹੈ ਵੇ ।
ਵਾਰਿਸ ਸ਼ਾਹ ਵੈਲੀ ਭੇਖੇ ਲਖ ਫਿਰਦੇ, ਸਬਰ ਫਕਰ ਦਾ ਕੌਲ ਕਰਾਰ ਹੈ ਵੇ ।
(ਮਾਯਾ =ਮਾਇਆ, ਭੌਣ =ਘੁੰਮਣ ਘਿਰਨ, ਬਿਹਾਰ=ਕੰਮ, ਚਕਲ=ਚੱਕਰ, ਮਰੱਕਬ=ਸਵਾਰੀ ਦੇ ਜਾਨਵਰ ਜਾਂ ਗੱਡੀ, ਵੈਲੀ=ਵੈਲ ਵਾਲੇ)
ਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ, ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ।
ਫਿਰੇ ਕੌਲ ਜ਼ਬਾਨ ਜਵਾਨ ਰਣ ਥੀਂ, ਸਤਰਦਾਰ ਘਰ ਛੋੜ ਮਾਕੂਲ ਨਾਹੀਂ।
ਰਜ਼ਾ ਅੱਲਾਹ ਦੀ ਹੁਕਮ ਕਤੱਈ ਜਾਣੋ, ਕੁਤਬ ਕੋਹ ਕਾਅਬਾ ਹੈ ਮਾਮੂਲ ਨਾਹੀਂ ।
ਰੰਨ ਆਏ ਵਿਗਾੜ ਤੇ ਚਿਹ ਚੜ੍ਹੀ, ਫੱਕਰ ਆਏ ਜਾਂ ਕਹਿਰ ਕਲੂਲ ਨਾਹੀਂ।
ਜ਼ਿੰਮੀਂਦਾਰ ਕਨਕੂਤੀਆਂ ਖ਼ੁਸ਼ੀ ਨਾਹੀਂ, ਅਤੇ ਅਹਿਮਕ ਕਦੇ ਮਲੂਲ ਨਾਹੀਂ।
ਵਾਰਿਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ ,ਵੇਖਾਂ ਮੰਨ ਲਏ ਕਿ ਕਬੂਲ ਨਾਹੀਂ।
(ਰਣ=ਜੰਗ, ਕਨਕੂਤੀਆਂ=ਮਹਿਕਮਾ ਮਾਲ ਦੇ ਉਹ ਨੌਕਰ ਜਿਹੜੇ ਖੜੀ ਫਸਲ ਦਾ ਅੰਦਾਜਾ ਲਾਉਂਦੇ ਸਨ, ਲਿਲ੍ਹ=ਬਿਨਾ ਮਤਲਬ)
ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ, ਰੰਨ ਗਧੀ ਹੈ ਜੋ ਵਫ਼ਾਦਾਰ ਨਾਹੀਂ।
ਨਿਆਜ਼ ਬਿਨਾਂ ਹੈ ਕੰਚਨੀ ਬਾਂਝ ਭਾਵੇਂ, ਮਰਦ ਗਧਾ ਜੋ ਅਕਲ ਦਾ ਯਾਰ ਨਾਹੀਂ।
ਬਿਨਾ ਆਦਮੀਅਤ ਨਾਹੀ ਇਨਸ ਜਾਪੇ, ਬਿਨਾ ਆਬ ਕੱਤਾਲ ਤਲਵਾਰ ਨਾਹੀਂ।
ਸਬਜ ਜਿਕਰ ਇਬਾਦਤਾਂ ਬਾਝ ਜੋਗੀ, ਦਮਾਂ ਬਾਝ ਜੀਵਨ ਦਰਕਾਰ ਨਾਹੀਂ।
ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ, ਲੂਣ ਬਾਝ ਤੁਆਮ ਸਵਾਰ ਨਾਹੀਂ।
ਸ਼ਰਮ ਬਾਝ ਮੁੱਛਾਂ ਬਿਨਾਂ ਅਮਲ ਦਾੜ੍ਹੀ, ਤਲਬ ਬਾਝ ਫ਼ੌਜਾਂ ਭਰ ਭਾਰ ਨਾਹੀ।
ਅਕਲ ਬਾਝ ਵਜੀਰ ਸਲਵਾਤ ਮੋਮਨ, ਬਿਨ ਦੀਵਾਨ ਹਿਸਾਬ ਸ਼ੁਮਾਰ ਨਾਹੀਂ।
ਵਾਰਿਸ, ਰੰਨ, ਫ਼ਕੀਰ, ਤਲਵਾਰ, ਘੋੜਾ, ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ।
(ਅਫਲ=ਜਿਹਨੂੰ ਫਲ ਨਾ ਲੱਗੇ, ਕੰਚਨੀ = ਨਾਚੀ, ਇਨਸ=ਇੱਕ ਆਦਮੀ, ਆਬ=ਧਾਰ,ਤੇਜ਼ ਸ਼ਾਸ਼ਤਰ ਦੀ, ਕੰਤਾਲ=ਤਲਵਾਰ, ਇਬਾਦਤ=ਭਜਨ ਬੰਦਗੀ, ਦਮਾਂ=ਸਾਹਾਂ, ਦਰਕਾਰ ਨਾਹੀਂ=ਨਹੀਂ ਚਾਹੀਦਾ, ਤੁਆਮ=ਖਾਣਾ, ਸਵਾਰ=ਸੁਆਦ, ਤਲਬ=ਤਨਖਾਹ, ਸਲਵਾਤ=ਨਮਾਜ਼, ਦੀਵਾਨ=ਵਜ਼ੀਰੇ ਮਾਲ)
ਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ, ਰੰਨਾਂ ਦੁਸ਼ਮਣਾਂ ਨੇਕ ਕਮਾਈਆਂ ਦੀਆਂ।
ਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ, ਪੰਜ ਸੇਰੀਆਂ ਘਟ ਧੜਵਾਈਆਂ ਦੀਆਂ।
ਮਰਦ ਹੈਣ ਜਹਾਜ਼ ਨੇ ਕੋਕੀਆਂ ਦੇ, ਰੰਨਾਂ ਬੇੜੀਆਂ ਹੈਣ ਬੁਰਾਈਆਂ ਦੀਆਂ।
ਮਾਉਂ ਬਾਪ ਦਾ ਨਾਉਂ ਨਾਮੂਸ ਡੇਬਣ, ਪੱਤਾ ਲਾਹ ਸੁੱਟਣ ਭਲਿਆਂ ਭਾਈਆਂ ਦੀਆਂ।
ਹੱਡ ਮਾਸ ਹਲਾਲ ਹਰਾਮ ਕੱਪਣ, ਏਹ ਕੁਹਾੜੀਆਂ ਹੈਣ ਕਸਾਈਆਂ ਦੀਆਂ।
ਲਬਾਂ ਲਾਹੁੰਦੀਆਂ ਸਾਫ਼ ਕਰ ਦੇਣ ਦਾੜ੍ਹੀ, ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ।
ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ, ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ।
ਨੀ ਤੂੰ ਕੇਹੜੀ ਗੱਲ ਤੇ ਐਡ ਸ਼ੂਕੇਂ, ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ।
ਆਢਾ ਨਾਲ ਫ਼ਕੀਰਾਂ ਦੇ ਲਾਉਂਦੀਆਂ ਨੇ, ਖੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ।
ਵਾਰਿਸ ਸ਼ਾਹ ਤੇਰੇ ਮੂੰਹ ਨਾਲ ਮਾਰਾਂ, ਪੰਡਾਂ ਬੰਨ੍ਹ ਕੇ ਸਭ ਭਲਿਆਈਆਂ ਦੀਆਂ।
(ਕਰਮ ਦੇ ਨਕਦ=ਨੇਕ ਭਾਵ ਭਲੇ ਕੰਮ ਨੂੰ ਦੇਰ ਨਹੀਂ ਲਾਉਂਦੇ, ਕੱਪਣ=ਕੱਟਣ, ਸਿਰ=ਭੇਦ, ਮੂੰਹ ਨਾਲ ਮਾਰਨ=ਨਾਮੰਜੂਰ ਕਰਨ)