ਪੈਸਾ ਖੋਲ੍ਹ ਕੇ ਹੱਥ ਜੋ ਧਰੇ ਮੇਰੇ, ਗੋਦੀ ਚਾਇ ਕੇ ਪਾਰ ਉਤਾਰਨਾ ਹਾਂ ।
ਅਤੇ ਢੇਕਿਆ! ਮੁਫ਼ਤ ਜੇ ਕੰਨ ਖਾਏਂ, ਚਾਇ ਬੇੜੀਉ ਜ਼ਿਮੀਂ ਤੇ ਮਾਰਨਾ ਹਾਂ ।
ਜਿਹੜਾ ਕੱਪੜਾ ਦਏ ਤੇ ਨਕਦ ਮੈਨੂੰ, ਸੱਭੋ ਓਸ ਦੇ ਕੰਮ ਸਵਾਰਨਾ ਹਾਂ।
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ, ਅਧਵਾਟੜੇ ਡੋਬ ਕੇ ਮਾਰਨਾ ਹਾਂ।
ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤਖੋਰਾਂ, ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ ।
ਵਾਰਿਸ ਸ਼ਾਹ ਜਿਹੀਆਂ ਪੀਰ ਜ਼ਾਦਿਆਂ ਨੂੰ, ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ ।
(ਢੇਕਿਆ=ਅਹਿਮਕਾ, ਕਈ ਵਾਰੀ ਗਾਲ ਦੇ ਤੌਰ ਤੇ ਕਿਹਾ ਜਾਂਦਾ ਹੈ)
ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ, ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ ।
ਛਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵੱਖ ਜਗਾਇ ਬੈਠਾ ।
ਗਾਵੇ ਸੱਦ ਫ਼ਿਰਾਕ ਦੇ ਨਾਲ ਰੋਵੇ, ਉਤੇ ਵੰਝਲੀ ਸ਼ਬਦ ਵਜਾਇ ਬੈਠਾ ।
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ, ਪੱਤਣ ਛੱਡ ਕੇ ਓਸ ਥੇ ਜਾਇ ਬੈਠਾ ।
ਰੰਨਾਂ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿਕ ਟਿਕਾਇ ਬੈਠਾ ।
ਗੁੱਸਾ ਖਾਇਕੇ ਲਏ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ ।
ਪਿੰਡਾ ! ਬਾਹੁੜੀਂ ਜਟ ਲੈ ਜਾਗ ਰੰਨਾਂ, ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ।
ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾਇ ਬੈਠਾ ।
(ਕੰਧੀ=ਕੰਢੇ, ਗੋਸ਼ੇ=ਇੱਕ ਨੁੱਕਰੇ, ਨਿਵੇਕਲੇ, ਢਾਂਡੜੀ=ਅੱਗ, ਹਾਕ= ਆਵਾਜ਼, ਪਿੰਡਾ ਬਾਹੁੜੀ=ਪਿੰਡ ਵਾਲਿਉ ਲੋਕੋ ਦੌੜੋ ਅਤੇ ਮਦਦ ਕਰੋ, ਲੈ ਜਾਗ=ਲੈ ਜਾਵੇਗਾ)
ਲੁੱਡਣ ਕਰੇ ਬਕਵਾਸ ਜਿਉਂ ਆਦਮੀ ਨੂੰ, ਯਾਰੋ ਵਸਵਸਾ ਆਣ ਸ਼ੈਤਾਨ ਕੀਤਾ ।
ਦੇਖ ਸ਼ੋਰ ਫਸਾਦ ਝਬੇਲ ਸੰਦਾ, ਮੀਏਂ ਰਾਂਝੇ ਨੇ ਜੀਉ ਹੈਰਾਨ ਕੀਤਾ।
ਬ੍ਹਨ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠਿੱਲ੍ਹਣੇ ਦਾ ਸਮਿਆਨ ਕੀਤਾ ।
ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ, ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ ।
ਇਹੋ ਜਿਹੇ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਵਾਰ ਕੁਰਬਾਨ ਕੀਤਾ।
ਆਉ ਕਰਾਂ ਹੈਂ ਏਸ ਦੀ ਮਿੰਨਤ ਜਾਰੀ, ਵਾਰਿਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।
ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ, ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ ।
ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾ, ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ ।
ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ, ਰਿਹਿਆ ਕੁਖੜਾ ਹਿਲ ਨਾ ਸੱਜਣਾ ਵੋ ।
ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘਤ ਬਹੁ ਹਿਲ ਨਾ ਸੱਜਣਾ ਵੋ ।
ਵਾਰਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ, ਸਾਡਾ ਕਾਲਜਾ ਸੱਲ ਨਾ ਸੱਜਣਾ ਵੋ ।
(ਸੈਈਂ ਵੰਝੀਂ=ਝਨਾਂ ਸੌ ਬਾਂਸਾਂ ਜਿੰਨੀ ਡੂੰਘੀ ਹੈ, ਸ਼ਊਰ=ਸੂਝ ਸਮਝ, ਖਸ ਲੀਤਾ=ਖੋਹ ਲਿਆ, ਕੁਖੜਾ=ਕੁਖ, ਜਾਨ ਤੋਂ ਢਿਲ ਨਾ=ਜਾਨ ਵਾਰ ਦੇਣੀ, ਧੀਰੀ=ਪੁਤਲੀ, ਚੌਖਨੇ=ਕੁਰਬਾਨ ਜਾਂਦੇ ਹਾਂ; ਪਾਠ ਭੇਦ: ਜਾਣ ਤੂੰ)
ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ, ਮੁੜ ਆਣ ਬੇੜੀ ਵਿੱਚ ਚਾੜ੍ਹਿਆ ਨੇ ।
ਤਕਸੀਰ ਮੁਆਫ ਕਰ ਆਦਮੇ ਦੀ, ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ ।
ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਢੱਠਾ, ਹੇਠੋਂ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ।
ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ, ਬੀਵੀ ਹੀਰ ਦੇ ਪਲੰਘ ਤੇ ਚਾੜ੍ਹਿਆ ਨੇ ।
(ਤਕਸੀਰ=ਗੁਨਾਹ, ਕਸੂਰ, ਆਦਮੇ=ਬਾਬਾ ਆਦਮ, ਖ਼ਾਬ=ਸੁਪਨਾ, ਅਜ਼ਾਜ਼ੀਲ = ਇੱਕ ਫ਼ਰਿਸ਼ਤੇ ਦਾ ਨਾਂ, ਪਾਠ ਭੇਦ: ਬੀਵੀ = ਬੀਬੀ)
ਯਾਰੋ ਪਲੰਘ ਕੇਹਾ ਸੁੰਞੀ ਸੇਜ ਆਹੀ, ਲੋਕਾਂ ਆਖਿਆ ਹੀਰ ਜਟੇਟੜੀ ਦਾ ।
ਬਾਦਸ਼ਾਹ ਸਿਆਲਾਂ ਦੇ ਤ੍ਰਿੰਵਣਾਂ ਦੀ, ਮਹਿਰ ਚੂਚਕੇ ਖ਼ਾਨ ਦੀ ਬੇਟੜੀ ਦਾ ।
ਸ਼ਾਹ-ਪਰੀ ਪਨਾਹ ਨਿਤ ਲਏ ਜਿਸ ਥੋਂ, ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ।
ਅਸੀਂ ਸਭ ਝਬੇਲ ਤੇ ਘਾਟ ਪੱਤਣ, ਸੱਭਾ ਹੁਕਮ ਹੈ ਓਸ ਸਲੇਟੜੀ ਦਾ।
(ਮੁਸ਼ਕ ਲਪੇਟੜੀ=ਜਿਹਦੇ ਕੱਪੜਿਆਂ ਵਿੱਚ ਕਸਤੂਰੀ ਦੀ ਮਹਿਕ ਵਸੀ ਹੋਵੇ, ਪਾਠ ਭੇਦ: ਅਸੀਂ ਸਭ=ਵਾਰਿਸ ਸ਼ਾਹ)
ਬੇੜੀ ਨਹੀਂ ਇਹ ਜੰਞ ਦੀ ਬਣੀ ਬੈਠਕ, ਜੋ ਕੋ ਆਂਵਦਾ ਸੱਦ ਬਹਾਵੰਦਾ ਹੈ।
ਗਡਾ-ਵਡ ਅਮੀਰ ਫ਼ਕੀਰ ਬੈਠੇ, ਕੌਣ ਪੁਛਦਾ ਕਿਹੜੇ ਥਾਂਵ ਦਾ ਹੈ।
ਜਿਵੇਂ ਸ਼ਮ੍ਹਾਂ ਤੇ ਡਿਗਣ ਪਤੰਗ ਧੜ ਧੜ, ਲੰਘ ਨਈਂ ਮੁਹਾਇਣਾ ਆਵੰਦਾ ਹੈ ।
ਖ਼ਵਾਜਾ ਖ਼ਿਜਰ ਦਾ ਬਾਲਕਾ ਆਣ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਂਵਦਾ ਹੈ।
ਲੁੱਡਣ ਨਾ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪੱਛੋਤਾਂਵਦਾ ਹੈ।
ਯਾਰੋ ਝੂਠ ਨਾ ਕਰੇ ਖੁਦਾਇ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਂਵਦਾ ਹੈ ।
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਖੀ ਡੇਗਦਾ ਮਿਰਗ ਫਹਾਂਵਦਾ ਹੈ।
ਠਗ ਸੁਣੇ ਥਾਨੇਸਰੋਂ ਆਂਵਦੇ ਨੇ, ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ।
ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਵੇਖ ਹੁਣੇ ਝਬੇਲ ਕੁਟਾਂਵਦਾ ਹੈ।
(ਗਡਾ-ਵਡ=ਜਣਾ ਖਣਾ, ਨਈਂ=ਨਦੀ, ਸ਼ਰੀਨੀਆਂ= ਸ਼ਰਧਾ ਵਜੋਂ ਲਿਆਂਦੀ ਮਠਿਆਈ, ਸੱਦ = ਆਵਾਜ਼)
ਜਾਇ ਮਾਹੀਆਂ ਪਿੰਡ ਵਿੱਚ ਗੱਲ ਟੋਰੀ, ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ।
ਉਹਦੇ ਬੋਲਿਆਂ ਮੁਖ ਥੀ ਫੁੱਲ ਕਿਰਦੇ, ਲੱਖ ਲੱਖ ਦਾ ਸੱਦ ਉਹ ਲਾਂਵਦਾ ਹੈ।
ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ, ਸੇਜ ਹੀਰ ਦੀ ਤੇ ਅੰਗ ਲਾਂਵਦਾ ਹੈ।
ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇ ਵੇਖ ਕੇਹਾ ਫ਼ਤੂਰ ਹੁਣ ਪਾਂਵਦਾ ਹੈ ।
(ਮਾਹੀਆਂ ਗਾਈਆਂ ਮੱਝਾਂ ਦੇ ਛੇਤੂ, ਕਵਾਰੀਆਂ-ਨਵੀਆਂ ਫ਼ਤੂਰ=ਆਫ਼ਤ, ਖ਼ਰਾਬੀ)