ਨਹੀਂ ਸੀ ਚਾਹੁੰਦਾ; ਪਰ ਇਨਕਾਰ ਵੀ ਨਹੀਂ ਸੀ ਕਰ ਸਕਦਾ।
"ਹਾਹੋ।” ਫੱਜੇ ਨੇ ਦੋਵੇਂ ਹੱਥ ਉਤਾਂਹ ਚੁੱਕ ਕੇ ਕਿਹਾ।
ਪਿਆਰੇ ਨੇ ਉਹਨੂੰ ਵੀ ਚੁੱਕ ਕੇ ਮਗਰ ਬਹਾ ਦਿੱਤਾ।
"ਨੂਰਾਂ ਭੈਣ ਆਹੰਦੀ ਸੀ, ਪ੍ਰੀਤੂ ਨਾਲ ਖੇਡਿਆ ਕਰ। ਉਹ ਬੜਾ ਚੰਗਾ ਮੁੰਡਾ ਏ। ਨਾਲੇ ਆਹੰਦੀ ਸੀ, ਪ੍ਰੀਤੂ ਦਾ ਭਾ ਵੀ ਚੰਗਾ ਏ। ਮਾੜਿਆਂ ਮੁੰਡਿਆਂ ਦਾ ਮੈਂ ਕਦੇ ਬੇਲੀ ਈ ਨਹੀਂ ਬਣਿਆ।” ਮਹਿੰ ਦੀ ਕੰਡ 'ਤੇ ਬਹਿ ਫੱਜੇ ਨੇ ਪਿਆਰੇ ਤੇ ਪ੍ਰੀਤੂ ਦੀ ਚਾਪਲੂਸੀ ਕਰਨੀ ਜ਼ਰੂਰੀ ਸਮਝੀ।
ਨੂਰਾਂ ਦਾ ਨਾਂ ਸੁਣਦਿਆਂ ਪਿਆਰੇ ਦਾ ਗੋਰਾ ਚਿਹਰਾ ਭਖ ਕੇ ਲਾਲ ਸੁਰਖ਼ ਹੋ ਗਿਆ। ਉਹਨੇ ਬੜੇ ਪਿਆਰ ਨਾਲ ਫੱਜੇ ਵੱਲ ਵੇਖਿਆ। ਸੱਤ-ਅੱਠ ਸਾਲ ਦੇ ਬਾਲਕ ਦੇ ਚਿਹਰੇ 'ਤੇ ਉਹਨੂੰ ਮੁਟਿਆਰ ਨੂਰਾਂ ਦੀ ਛਬ ਝਲਕਦੀ ਦਿੱਸੀ। ਆਪਣੇ ਘਰ ਤਕ ਉਹ ਨੂਰਾਂ ਬਾਰੇ ਹੀ ਸੋਚਦਾ ਗਿਆ। ਉਹਦੀ ਸਾਰੀ ਦੀ ਸਾਰੀ ਆਤਮਾ ਉਸ ਵੇਲੇ ਨੂਰਾਂ ਨੇ ਮੱਲੀ ਹੋਈ ਸੀ।
“ਭਾਊ! ਸਾਨੂੰ ਐਥੇ ਬਾਹਰ ਹੀ ਉਤਾਰ ਦਿਹ। ਮਾਂ ਨੇ ਵੇਖ ਲਿਆ, ਤਾਂ ਤੈਨੂੰ ਵੀ ਗੁੱਸੇ ਹੋਵੇਗੀ।" ਪ੍ਰੀਤੂ ਨੇ ਹਵੇਲੀ ਦੇ ਬਾਹਰਲੇ ਬੂਹੇ ਕੋਲ ਪਹੁੰਚ ਕੇ ਚਿਤਾਵਨੀ ਦਿੱਤੀ।
ਪਿਆਰੇ ਨੇ ਮਹਿੰ ਨੂੰ ਖਲ੍ਹਾਰ ਕੇ ਦੋਹਾਂ ਨੂੰ ਥੱਲੇ ਉਤਾਰ ਦਿੱਤਾ। ਦਲੀਪ ਕੌਰ ਦੇ ਸੁਭਾ ਤੋਂ ਸਾਰੇ ਹੀ ਡਰਦੇ ਸਨ।
"ਜਦੋਂ ਤੂੰ ਪੜ੍ਹਦਾ ਸੈਂ, ਤੇਰੇ ਮਗਰ ਵੀ ਕੋਈ ਏਸ ਤਰ੍ਹਾਂ ਜਾਂਦਾ ਹੁੰਦਾ ਸੀ ?" ਘਰ ਵੜਦੇ ਪਿਆਰੇ ਨੂੰ ਮਾਂ ਨੇ ਤਾੜਨਾ ਭਰੀ ਸੁਰ ਵਿੱਚ ਕਿਹਾ।
"ਮੇਰੇ ਮਗਰ ਜਾਂਦੀ ਸੀ ਮੇਰੀ ਮਾਂ। ਹੋਰ ਕੀਹਨੇ ਜਾਣਾ ਸੀ।" ਪਿਆਰੇ ਨੇ ਮਾਂ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ। "ਨਾਲੇ ਮੇਰਾ ਕਿਹੜਾ ਰੰਗ ਮੈਲਾ ਹੋਣਾ ਹੁੰਦਾ ਸੀ।"
"ਆਹੋ ਇਹ ਤੇਰੇ ਨਾਲੋਂ ਵਧੇਰੇ ਸੋਹਣਾ ਹੋਣਾ ਏਂ।"
"ਤੇ ਹੋਰ ਕੀ, ਵੇਖ ਲੈ, ਏਨੇ 'ਚ ਈ ਇਹਦਾ ਮੂੰਹ ਪੇਂਡੂ ਵਰਗਾ ਹੋ ਗਿਆ ਈ।"
“ਪੇਂਝੂ ਵਰਗਾ ਛੱਡ ਕੇ, ਕੇਸੂ ਵਰਗਾ ਹੋਇਆ ਪਿਆ ਕਿ। ਕੋਈ ਲੇਖਾ ਏ! ਮਹਿ ਬੰਨ੍ਹ ਕੇ, ਪਾਣੀ ਪੀ ਬਹਿ ਕੇ।"
ਦਲੀਪ ਕੌਰ ਹਰ ਵੇਲੇ ਗੱਲਾਂ ਕਰਦੀ ਰਹਿੰਦੀ ਸੀ। ਕਿਸੇ ਵੇਲੇ ਵੀ ਉਹਦੀ ਜ਼ਬਾਨ ਬੰਦ ਨਹੀਂ ਸੀ ਹੁੰਦੀ। ਕਈ ਵਾਰ ਇਲਮਦੀਨ ਆਖਿਆ ਕਰਦਾ, "ਪਿਆਰਿਆ! ਤੇਰੀ ਮਾਂ ਹਰ ਪਹਿਲੂ ਤੋਂ ਪੂਰੀ ਇਸਤਰੀ ਏ, ਜੋ ਸਾਰੀਆਂ ਜ਼ਨਾਨੀਆਂ