"ਮੇਰੀ ਰਮਜ਼ ਸਿਰਫ਼ ਇਕ ਆਦਮੀ ਸਮਝ ਸਕਦਾ ਏ, ਇਕ ਤੇਰਾ ਬਾਪੂ ਬੱਸ।” ਇਲਮਦੀਨ ਨੇ ਹਲ ਅੱਗੋਂ ਪਰਾਣੀ ਨਾਲ ਉਗੀਲਾ ਕੱਢਦਿਆਂ ਕਿਹਾ।
ਤੁਹਾਡੀ ਦੋਹਾਂ ਦੀ ਮੀਜਾ ਵਾਹਵਾ ਮਿਲਦੀ ਏ, ਪਰ ਲੋਕ ਤਾਂ ਤੁਹਾਨੂੰ...। "
"ਕਮਲੇ ਈ ਸਮਝਦੇ ਨੇ।” ਪਿਆਰੇ ਦਾ ਛੱਡਿਆ ਹੋਇਆ ਵਾਕ ਇਲਮਦੀਨ ਨੇ ਪੂਰਾ ਕਰ ਦਿੱਤਾ। "ਏਹੋ ਆਖਣ ਲੱਗਾ ਸੈਂ ਨਾ!"
"ਨਹੀਂ। ਮੈਂ ਇਉਂ ਆਖ ਸਕਦਾ ਸਾਂ ?" ਪਿਆਰਾ ਆਪਣੇ ਵਿੱਚ ਕੁਛ ਸ਼ਰਮ ਮਹਿਸੂਸ ਕਰ ਰਿਹਾ ਸੀ।
"ਪਿਉ ਤੇ ਤਾਏ ਦਾ ਲਿਹਾਜ਼ ਕਰਕੇ ?"
"ਲਿਹਾਜ਼ ਵੀ ਤਾਂ ਕਰਨਾ ਹੋਇਆ ਨਾ।"
“ਪੁੱਤ ਪਿਆਰਿਆ! ਜਿਹੜੇ ਇਨਸਾਨ ਕੁਝ ਅਸਲੀਅਤ ਨੂੰ ਸਮਝਣ ਲੱਗ ਪੈਂਦੇ ਨੇ, ਲੋਕ ਉਹਨਾਂ ਨੂੰ ਕਮਲੇ ਹੀ ਕਿਹਾ ਕਰਦੇ ਨੇ। ਭਗਤ ਕਬੀਰ ਤੇ ਗੁਰੂ ਨਾਨਕ ਵਰਗੇ ਮਹਾਂਪੁਰਸ਼ਾਂ ਨੂੰ ਭੁੱਲੜ ਲੋਕ ਕੁਰਾਹੀਏ ਕਹਿੰਦੇ ਸਨ। ਸਰਮਦ ਦੇ ਸ਼ਮਸ ਤਬਰੇਜ਼ ਵਰਗਿਆਂ ਨਾਲ ਤੰਗ ਦਿਲ ਬੰਦਿਆਂ ਨੇ ਕੀ ਸਲੂਕ ਕੀਤਾ ਸੀ। ਬੁੱਲ੍ਹੇ ਵਿਚਾਰੇ ਨੂੰ ਰੋਜ਼ਿਆਂ ਦੇ ਦਿਨੀਂ ਇੱਟੇ ਵੱਟੇ ਖਾਣੇ ਪਏ। ਤੇ ਅਸੀਂ ਦੋ ਨਗੂਣੇ ਜਿਹੇ ਬੰਦੇ ਕੀਹਦੇ ਪਾਣੀਹਾਰ ਆਂ। ਵਾਹ ਮੌਲਾ। ਤੇਰੀ ਰਜ਼ਾ।”
"ਬਾਬਾ! ਸੱਚੋ ਸੱਚ ਦੱਸੀਂ, ਤੁਹਾਨੂੰ ਲੋਕਾਂ ਦੀਆਂ ਗੱਲਾਂ 'ਤੇ ਗੁੱਸਾ ਨਹੀਂ ਔਂਦਾ ? ਤੱਤ-ਤੱਤ, ਤਾਂਹ ਉਇ। ਕਮਲੀ ਦਿਆ ਪੁੱਤਰਾ!" ਪਿਆਰੇ ਨੇ ਹੇਠਲੇ ਬਲਦ ਨੂੰ ਸੋਟੀ ਨਾਲ ਛੇੜਦਿਆਂ ਲਲਕਾਰਿਆ।
"ਪਹਿਲਾਂ ਪਹਿਲਾਂ ਗੁੱਸਾ ਆਉਂਦਾ ਹੁੰਦਾ ਸੀ। ਪਰ ਹੁਣ ਨਹੀਂ।”
"ਕਿਉਂ, ਮੱਚ ਮਰ ਗਿਆ ਏ ਸਗੋਂ ?"
"ਨਹੀਂ। ਮੱਚ ਮਰ ਜਾਏ ਤਾਂ ਬੰਦਾ ਖ਼ੁਦਾ ਨਾ ਬਣ ਜਾਏ ? ਮੱਚ ਮਰਨਾ ਬੜਾ ਔਖਾ। ਇਹ ਮੰਜ਼ਲ ਅਜੇ ਦੂਰ ਏ। ਹੁਣ ਤਾਂ ਥੋੜ੍ਹੀ-ਛੋੜ੍ਹੀ ਅੱਲ੍ਹਾ ਦੇ ਘਰ ਦੀ ਸੋਝੀ ਔਣ ਲੱਗ ਪਈ ਏ। ਭਗਤ ਕਬੀਰ, ਸ਼ੇਖ਼ ਫ਼ਰੀਦ, ਸਾਈਂ ਬੁੱਲ੍ਹੇ ਸ਼ਾਹ, ਬਾਬਾ ਨਾਨਕ ਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਦਿਲ ਲਾ ਕੇ ਪੜ੍ਹੋ, ਤੁਹਾਨੂੰ ਆਪਣੇ ਆਪ ਦਾ ਗਿਆਨ ਹੋ ਜਾਏਗਾ। ਉਸ ਦਿਨ ਤੇਰਾ ਬਾਪੂ 'ਸੁਖਮਨੀ ਸਾਹਿਬ' ਪੜ੍ਹ ਕੇ ਸੁਣਾ ਰਿਹਾ ਸੀ। ਵਾਹ ਕਿੰਨਾ ਉੱਚਾ ਗਿਆਨ ਏ। ਅੱਲ੍ਹਾ ਦੇ ਇਸ਼ਕ ਵਿੱਚ ਰੱਤਿਆਂ ਦਾ ਕੀ ਕਹਿਣਾ।" ਇਲਮਦੀਨ ਨੇ ਸ਼ਰਧਾ ਨਾਲ ਸਿਰ ਹਿਲਾਉਂਦਿਆਂ ਕਿਹਾ।
"ਇਹ ਗਿਆਨ ਦੀਆਂ ਗੱਲਾਂ ਤੁਹਾਨੂੰ ਬੁੱਢਿਆਂ ਨੂੰ ਹੀ ਚੰਗੀਆਂ ਲੱਗਦੀਆਂ ਨੇ। ਗੱਭਰੂ ਤਾਂ ਸੋਹਣੀ ਮਹੀਂਵਾਲ ਤੇ ਹੀਰ ਰਾਂਝਾ ਪੜ੍ਹਨ ਵਿੱਚ ਈ ਖ਼ੁਸ਼ ਰਹਿੰਦੇ ਨੇ।” ਪਿਆਰੇ ਨੇ ਆਪਣੇ ਜਵਾਨ ਹਿਰਦੇ ਦੀ ਗੱਲ ਕਹਿ ਦਿੱਤੀ।