ਗੱਲਾਂ ਦੇ ਜਾਲ ਵਿੱਚ ਫਸੀ ਹੋਈ, ਉਹ ਆਪ ਹੀ ਇਸ ਕੰਮ ਲਈ ਤਿਆਰ ਹੋ ਪਈ।
“ਚਾਚਾ ਤਾਂ ਖਾ ਈ ਲਵੇਗਾ। ਉਸ ਨੂੰ ਮੇਰੇ ਅੱਬਾ ਵਾਂਗ ਕੋਈ ਨਿੰਦ ਵਚਾਰ ਨਹੀਂ, ਪਰ ਜੇ ਪਿਆਰੇ ਨੇ ਨਾ ਖਾਧੀ ਤਾਂ।" ਨੂਰਾਂ ਨੇ ਚਾਚੀ ਨੂੰ ਹੋਰ ਪੱਕਿਆਂ ਕਰਨ ਵਾਸਤੇ ਕਿਹਾ। ਭਾਵੇਂ ਉਹਦਾ ਦਿਲ ਕਹਿ ਰਿਹਾ ਸੀ ਕਿ ਪਿਆਰਾ ਤਾਂ ਉਹਦੇ ਹੱਥੋਂ ਰੋਟੀ ਲੈ ਕੇ ਧੰਨ ਭਾਗ ਸਮਝੇਗਾ।
"ਬਹੁਤੀਆਂ ਗੱਲਾਂ ਨਾ ਬਣਾ। ਮੈਂ ਤੁਹਾਡੇ ਢਿੱਡਾਂ ਦੀਆਂ ਜਾਣਦੀ ਆਂ। ਖੇਖਣ ਹੱਥੀ ਨਾ ਹੋਵੇ।"
ਨੂਰਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਾਂ ਦਲੀਪ ਕੌਰ ਨੇ ਪੌਣੇ ਵਿੱਚ ਰੋਟੀਆਂ ਬੰਨ੍ਹ ਕੇ ਨੂਰਾਂ ਦੇ ਹੱਥ ਫੜਾ ਦਿੱਤੀਆਂ।
"ਸੱਜੇ ਹੱਥ ਲੱਸੀ ਦੀ ਬਾਲਟੀ ਫੜ ਕੇ ਤੁਰਦੀ ਬਣ। ਹਾਲੀ ਪਿੰਡ ਵੱਲੇ ਭੌਂ- ਭੌਂ ਵਿਹੰਦੇ ਹੋਣਗੇ।” ਦਲੀਪ ਕੌਰ ਨੇ ਪੂਰੇ ਅਧਿਕਾਰ ਨਾਲ ਹੁਕਮ ਦਿੱਤਾ।
ਦਲੀਪ ਕੌਰ ਦੇ ਅਖ਼ੀਰਲੇ ਵਾਕ ਸੁਣ ਕੇ ਨੂਰਾਂ ਸ਼ਰਮ ਨਾਲ ਲਾਲ ਸੂਹੀ ਹੋ ਗਈ। ਮੁਟਿਆਰ ਦਾ ਉਹ ਰੂਪ ਦਲੀਪ ਕੌਰ ਨੂੰ ਬਹੁਤ ਪਿਆਰਾ ਲੱਗਾ। ਨੂਰਾਂ ਛੇਤੀ ਨਾਲ ਪਿੱਛਾਂ ਪਰਤ ਕੇ ਬਾਹਰ ਨੂੰ ਤੁਰ ਪਈ। ਦਲੀਪ ਕੌਰ ਦੀ ਨਿਗਾ ਓਨਾ ਚਿਰ ਨੂਰਾਂ 'ਤੇ ਟਿਕੀ ਰਹੀ, ਜਿੰਨਾ ਚਿਰ ਉਹ ਬੂਹਿਓਂ ਉਹਲੇ ਨਾ ਹੋ ਗਈ। 'ਨੂਰਾਂ' ਕਿਤੇ ਤੂੰ ਜੱਟਾਂ ਦੀ ਧੀ ਹੁੰਦੀਓਂ ਤਾਂ ਤੇਰੇ ਸਿਰ ਤੋਂ ਪਾਣੀ ਦੀ ਥਾਂ ਦੁੱਧ ਵਾਰ ਕੇ ਪੀਂਦੀ। ਦਲੀਪ ਕੌਰ ਨੇ ਠੰਢਾ ਸਾਹ ਭਰ ਕੇ ਦਿਲ ਹੀ ਦਿਲ ਵਿੱਚ ਕਿਹਾ।
ਹਵੇਲੀਓਂ ਨਿਕਲ ਕੇ ਨੂਰਾਂ ਰਾਹੇ-ਰਾਹੇ ਜਾਣ ਦੀ ਥਾਂ ਸਿੱਧੀ ਡੰਡੀਏ ਪੈ ਗਈ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮੁਸੀਬਤ, ਉਹਦਾ ਕੋਈ ਹੱਥ ਵੀ ਵਿਹਲਾ ਨਹੀਂ ਸੀ, ਜਿਸ ਨਾਲ ਮੱਛਰਦੇ ਦਿਲ ਨੂੰ ਕਾਬੂ ਰੱਖ ਸਕਦੀ। ਉਹਦੀ ਤੋਰ ਸੁਭਾਵਕ ਨਹੀਂ ਸੀ ਰਹੀ। ਉਹ ਬੜੇ ਕਾਹਲੇ ਕਦਮੀ ਤੁਰ ਰਹੀ ਸੀ। ਹਵਾ ਨਾਲ ਚੁੰਨੀ ਦਾ ਹਿਲਦਾ ਪੱਲਾ ਵੇਖ ਕੇ ਉਹਦਾ ਮਨ ਉੱਡਣ ਨੂੰ ਕਰ ਰਿਹਾ ਸੀ। ਉਹਦੇ ਗੋਰੇ ਮੂੰਹ ਉੱਤੇ ਸੂਹੀ ਮੁਸਕਰਾਹਟ ਤੇ ਦਿਲ ਵਿੱਚ ਮਿੱਠੀਆਂ ਸੋਚਾਂ ਸਨ। 'ਹਾਇ ਮੈਂ ਮਰ ਗਈ। ਭਾਵੇਂ ਚਾਚੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਹੋਵੇ। ਗੱਲਾਂ ਕਰਦਿਆਂ ਉਹ ਵਿੱਚ ਟਕੋਰਾਂ ਤਾਂ ਲੈਂਦੀ ਸੀ। ਹੁਣ ਮੈਂ ਕੀ ਕਰਾਂ ?' ਇਕ ਗੱਲੋਂ ਤਾਂ ਚੰਗਾ ਈ ਹੋਇਆ। ਉਸ ਨੂੰ ਪਤਾ ਲੱਗ ਗਿਆ। ਅਚਨਚੇਤ ਇਕੇ ਵਾਰ ਕੋਈ ਗੱਲ ਹੁੰਦੀ ਤਾਂ ਉਹ ਅਚੰਭੇ ਤੇ ਗੁੱਸੇ ਨਾਲ ਭੜਕ ਉਠਦੀ। ਹੁਣ ਸਹਿਜ-ਸਹਿਜ ਉਹਦਾ ਗੁੱਸਾ ਮੱਠਾ ਹੋ ਜਾਵੇਗਾ। ਖਵਰੇ ਅਜੇ ਵਰ੍ਹਾ ਲੰਘ ਜਾਏ ਕਿ ਦੋ ਵਰ੍ਹੇ। ਮੇਰੀ ਮਾਂ ਕਿਹੜਾ ਛੇਤੀ ਮੰਨਣ ਲੱਗੀ ਏ। ਚਲੋ; ਚਾਚੇ ਵੱਲੋਂ ਤਾਂ ਡਰ ਘਟਿਆ। ..ਪਰ ਇਹ