"ਸਹੁੰ ਅੱਲ੍ਹਾ ਦੀ। ਆਹ ਵੇਖ ਲੱਸੀ ਦੀ ਬਾਲਟੀ ਵੀ। ਚਾਚੀ ਨੇ ਆਖਿਆ, ਤੂੰ ਤਾਂ ਮੇਰੀ ਧੀ ਏਂ। ਤੂੰ ਆ ਕੇ ਮੇਰੀਆਂ ਰੋਟੀਆਂ ਪਕਾਇਆ ਕਰ। ਪਿਆਰਾ ਤੇਰੇ ਹੱਥਾਂ ਦੀ ਖਾਏਗਾ। ਕਿਉਂ ਨਹੀਂ। ਤੂੰ ਤਾਂ ਚੰਦ ਵਰਗੀ ਏਂ। ਮੈਂ ਤੇਰੀ ਮਾਂ ਕੋਲੋਂ ਤੈਨੂੰ ਮੰਗ ਲਵਾਂਗੀ। ਉਸ ਨੇ ਉਹਨੇ ਵੇਖ ਨਾ ਤੇਰੀ ਸਹੁੰ! ਉਹਨੇ ਚਾਚੀ ਨੇ ਕਿਹਾ... ਤੇ ਮੈਂ ਸ਼ਰਮ ਨਾਲ ਮਰਦੀ ਜਾਵਾਂ। ਤੇ ਮੈਂ ।" ਨੂਰਾਂ ਨੂੰ ਉਸ ਵੇਲੇ ਆਪਣੇ ਆਪ ਦਾ ਵੀ ਗਿਆਨ ਨਹੀਂ ਸੀ ਕਿ ਉਹ ਪਾਗ਼ਲਾਂ ਵਾਂਗ ਕੀ ਬਕੀ ਜਾ ਰਹੀ ਸੀ।
"ਹੈਂ ਹੈਂ ? ਕੀ ਹੋ ਗਿਆ ਏ ਤੈਨੂੰ! ਕਿਤੇ ਖ਼ੁਸ਼ੀ ਵਿੱਚ ਕਮਲੀ ਹੀ ਨਾ ਹੋ ਜਾਵੀਂ। ਲਿਆ ਕਰ।" ਪਿਆਰੇ ਨੇ ਸਿਰ ਤੋਂ ਰੋਟੀਆਂ ਫੜ ਲਈਆਂ ਤੇ ਉਹਨੂੰ ਬਾਹੋਂ ਖਿੱਚ ਕੇ ਕੋਲ ਬਹਾ ਲਿਆ।
"ਹਾਏ ਅੱਲ੍ਹਾ! ਮੈਂ ਕੀ ਕੁਝ ਬਕ ਗਈ ਆਂ।" ਆਪਣੇ ਆਪ ਦੀ ਸੋਝੀ ਆਉਣ 'ਤੇ ਨੂਰਾਂ ਨੇ ਸ਼ਰਮਾ ਕੇ ਦੋਹਾਂ ਹੱਥਾਂ ਨਾਲ ਮੂੰਹ ਢੱਕ ਲਿਆ।
"ਵਾਹ ਭਈ! ਨਖ਼ਰਾ ਕਰਨ ਵਿੱਚ ਤਾਂ ਸੈਹਬਾਂ ਨੂੰ ਮਾਤ ਪਾ ਦਿੱਤਾ ਈ। ਉਹਨੇ ਆਖਿਆ ਸੀ ਛੱਡ ਵੇ ਜੱਟਾ ਮਿਰਜਿਆ, ਮੈਨੂੰ ਮੈਲੇ ਹੱਥ ਨਾ ਲਾ।" ਕਿਤੇ ਮਿਰਜ਼ੇ ਬਾਰੇ ਉਹਨੇ ਸੁਣ ਰੱਖਿਆ ਸੀ ਕਿ ਉਹਨਾਂ ਦੀ ਮੁਹੱਬਤ ਰੱਬ ਦੀ ਜ਼ਾਤ ਵਾਂਗ ਪਾਕ ਹੈ।
"ਮੈਲੇ ਹੱਥ ਹੋਣਗੇ ਮਿਰਜ਼ੇ ਦੇ, ਮੈਲੀ ਨੀਤ ਹੋਵੇਗੀ ਸੈਹਬਾਂ ਦੀ। ਸਾਡੇ ਤਾਂ ਹੱਥ ਵੀ ਤੇ ਦਿਲ ਵੀ ਪਾਕ ਨੇ। ਅੜਿਆ। ਮੁੜ ਕੇ ਮੈਨੂੰ ਸੈਹਬਾਂ ਨਾ ਆਖੀਂ। ਮੈਂ ਤਾਂ ਆਪਣੇ ਪਿਆਰੇ ਦੀ ਨੂਰਾਂ ਆਂ। ਵਿਆਹ ਪਿੱਛੋਂ ਤੂੰ ਭਾਵੇਂ ਮੇਰਾ ਨਾਂ ਬੰਤੋ ਰੱਖ ਲਵੀਂ।" ਨੂਰਾਂ ਨੇ ਓਸੇ ਤਰ੍ਹਾਂ ਅੱਖਾਂ ਅੱਗੇ ਹੱਥ ਦਿੱਤੀ ਕਿਹਾ।
“ਹੱਛਾ ਸੈਹਬਾਂ ਨਾ ਸਹੀ, ਸੋਹਣੀ ਸਹੀ। ਲਿਆਓ ਸਰਕਾਰ, ਹੁਣ ਫੜਾਉ ਰੋਟੀ ਤੇ ਪਾਓ ਲੱਸੀ। ਤੇਰੇ ਹੱਥਾਂ ਦੀ ਰੋਟੀ ਵਿੱਚੋਂ ਤਾਂ, ਅੱਜ ਹੀਰ ਦੀ ਚੂਰੀ ਨਾਲੋਂ ਵਧੇਰੇ ਸੁਆਦ ਆਵੇਗਾ।" ਪਿਆਰੇ ਨੇ ਮੱਲੋ ਮੱਲੀ ਨੂਰਾਂ ਦੇ ਹੱਥ ਫੜ ਕੇ ਅੱਖਾਂ ਤੋਂ ਵੱਖ ਕਰ ਦਿੱਤੇ।
ਕਿੰਨਾ ਚਿਰ ਉਹ ਦੋਵੇਂ ਇਕ ਦੂਜੇ ਦੀਆਂ ਅੱਖਾਂ ਵਿੱਚ ਵਿਹੰਦੇ ਰਹੇ। ਦੋਵੇਂ ਜਵਾਨ ਦਿਲ ਇਉਂ ਮਹਿਸੂਸ ਕਰ ਰਹੇ ਸਨ, ਜਿਵੇਂ ਚਲਦਾ ਸਮਾਂ ਉਹਨਾਂ ਵਾਸਤੇ ਇਕ ਥਾਂ 'ਤੇ ਰੁਕ ਗਿਆ ਹੋਵੇ।
"ਪਿਆਰਿਆ! ਕੌਲ ਦਿਹ, ਕਿ ਇਹ ਫੜੇ ਹੋਏ ਹੱਥ ਛੱਡੇਂਗਾ ਨਹੀਂ। ਕਦੇ ਵੀ ਨਹੀਂ ਛੱਡੇਂਗਾ।" ਨੂਰਾਂ ਨੇ ਦੋਵੇਂ ਹੱਥ ਹਿਲਾ ਕੇ ਜ਼ੋਰ ਨਾਲ ਕਿਹਾ।
"ਮਰਦਾਂ ਵਾਲਾ ਕੌਲ। ਮਰਦ ਬਾਂਹਾਂ ਫੜੀ ਨਾ ਛੱਡਦੇ, ਜੱਟੀਏ। ਸਿਰ ਧੜ ਦੀ ਦੇਂਦੇ ਲਾ।" ਪਿਆਰੇ ਨੇ ਮਿਰਜ਼ੇ ਦੀ ਸੁਰ ਦੇ ਰਹਾ 'ਤੇ ਕਿਹਾ।