Back ArrowLogo
Info
Profile

 

ਘਰ ਜੰਮ ਕੇ ਵੀ ਨਮਾਜ਼ ਨਹੀਂ ਪੜ੍ਹਦਾ, ਰੋਜ਼ੇ ਨਹੀਂ ਰੱਖਦਾ, ਉਹਨੂੰ ਮੌਲਵੀ ਅਬਦੁਲ ਹੱਕ ਦੇ ਭਰਾ ਭਾਈ ਕਿਵੇਂ ਬਰਦਾਸ਼ਤ ਕਰਨਗੇ। ਵਾਹ ਅੱਲਾਹ।"

“ਚਲੋ, ਉਹਨਾਂ ਨੂੰ ਤਾਂ ਪਾਕਿਸਤਾਨ ਮਿਲ ਜਾਵੇਗਾ ਨਾ। ਤੇਰੇ ਮੇਰੇ ਵਰਗੇ ਬੰਦਿਆਂ ਦਾ ਰੱਬ ਵਾਲੀ। ਉਹਨਾਂ ਦੀ ਇਸਲਾਮ ਦੀ ਸੇਵਾ ਕੀਤੀ ਸਫਲ ਪਵੇ।”

"ਇਸਲਾਮ ਦੀ ਸੇਵਾ ਵੀ ਨਹੀਂ, ਧਰਮ ਸਿਹਾਂ! ਇਹ ਵੀ ਫ਼ਰੇਬ ਏ, ਧੋਖਾ ਏ।" ਇਲਮਦੀਨ ਨੇ ਕੁਛ ਜੋਸ਼ ਵਿੱਚ ਆ ਕੇ ਕਿਹਾ, "ਇਹ ਤਾਂ ਇਕ ਕਿਸਮ ਦਾ ਜ਼ਹਿਰ ਬੀਜਿਆ ਜਾ ਰਿਹਾ ਏ, ਉਲਟਾ ਇਸਲਾਮ ਦੇ ਖ਼ਿਲਾਫ਼ 'ਜ਼ਹਿਰ। ਅੱਜ ਮੁਸਲਮਾਨਾਂ ਨੂੰ ਹਿੰਦੂਆਂ ਨਾਲੋਂ ਨਖੇੜ ਰਹੇ ਨੇ, ਕੱਲ੍ਹ ਨੂੰ ਈਸਾਈਆਂ ਨਾਲੋਂ, ਬੋਧੀਆਂ ਨਾਲੋਂ, ਪਾਰਸੀਆਂ ਨਾਲੋਂ ਵੀ ਮੁਸਲਮਾਨਾਂ ਨੂੰ ਦੂਰ ਹੋਣਾ ਪਵੇਗਾ। ਇਕ ਦੀ ਤੰਗਦਿਲੀ ਦੂਸਰਿਆਂ ਦੇ ਅੰਦਰ ਤੰਗਦਿਲੀ ਨੂੰ ਜਨਮ ਦੇਂਦੀ ਏ। ਸਮਝਿਆ ? ਜੇ ਇਹ ਇਸਲਾਮ ਦਾ ਨਾਹਰਾ ਲੌਣਗੇ ਤਾਂ ਦੂਸਰੇ ਮਜ਼ਬਾਂ ਵਾਲੇ ਆਪਣਾ- ਆਪਣਾ ਨਾਹਰਾ ਲਾ ਲੈਣਗੇ ? ਉਸ ਦਾ ਨਤੀਜਾ ? ਮੁਸਲਮਾਨ ਸਾਰੀ ਦੁਨੀਆਂ ਨਾਲੋਂ ਵੱਖ ਹੋ ਜਾਣਗੇ, ਇਕ ਤਰ੍ਹਾਂ ਛੇਕੇ ਜਾਣਗੇ। ਇਹ ਹੋਵੇਗਾ ਇਸ ਦਾ ਆਖ਼ਰੀ ਨਤੀਜਾ, ਬਹੁਤ ਬੁਰਾ।”

"ਫਿਰ ਇਹ ਜਾਣ ਬੁੱਝ ਕੇ ਐਹੋ ਜਿਹਾ ਮੂਰਖਪੁਣਾ ਕਿਓਂ ਕਰਦੇ ਨੇ ?” ਧਰਮ ਸਿੰਘ ਨੇ ਨਵਾਂ ਸਵਾਲ ਕੀਤਾ। ਉਹ ਮੰਨਦਾ ਸੀ ਕਿ ਏਹੋ ਜੇਹੀਆਂ ਗੱਲਾਂ ਵਿੱਚ ਇਲਮਦੀਨ ਨਾਲੋਂ ਵਧੇਰੇ ਸਮਝ ਰੱਖਦਾ ਹੈ।

"ਸਿਰਫ਼ ਤਅੱਸਬ ਤੇ ਨਫ਼ਰਤ ਵਿੱਚ ਅੰਨ੍ਹੇ ਹੋਏ-ਹੋਏ। ਇਹ ਮੈਂ ਮੰਨਦਾ ਹਾਂ ਕਿ ਇਸ ਨਫ਼ਰਤ ਨੂੰ ਜਨਮ ਦੇਣ ਵਿੱਚ ਸਭ ਤੋਂ ਵਧੇਰੇ ਹੱਥ ਕੱਟੜ ਪੰਥੀ ਹਿੰਦੂਆਂ ਦਾ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰੀਂ।"

"ਨਹੀਂ, ਸੱਚੀ ਗੱਲ ਦਾ ਕਾਹਦਾ ਗੁੱਸਾ।" ਧਰਮ ਸਿੰਘ ਨੇ ਐਵੇਂ ਹੁੰਗਾਰਾ ਭਰਨ ਵਜੋਂ ਕਿਹਾ।.

"ਹਿੰਦੂ ਕਈ ਸਦੀਆਂ ਤਕ ਮੁਸਲਮਾਨ ਬਾਦਸ਼ਾਹ ਦੇ ਗੁਲਾਮ ਰਹੇ, ਉਹਨਾਂ ਅੱਗੇ ਸਿਜਦੇ ਕਰਦੇ ਰਹੇ, ਪਰ ਸਮਾਜਿਕ ਤੌਰ 'ਤੇ ਉਹਨਾਂ ਨੂੰ ਬਰਾਬਰ ਦੇ ਇਨਸਾਨ ਸਮਝਣ ਵਾਸਤੇ ਤਿਆਰ ਨਾ ਹੋਏ। ਕੁੱਤਾ ਚੌਂਕੇ 'ਤੇ ਚੜ੍ਹ ਜਾਵੇ ਤਾਂ ਬਰਦਾਸ਼ਤ ਕੀਤਾ ਜਾਂਦਾ ਏ, ਪਰ ਮੁਸਲਮਾਨ ਦਾ ਪਰਛਾਵਾਂ ਪੈ ਜਾਣ ਨਾਲ ਵੀ ਹਿੰਦੂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ। ਇਹ ਹੈ ਇਕ ਮਿਸਾਲ। ਏਸ ਦੀ ਤੰਗ-ਦਿਲੀ ਦਾ ਨਤੀਜਾ ਹੈ ਪਾਕਿਸਤਾਨ। ਪਰ ਸਿਆਣਿਆਂ ਆਖਿਆ ਏ, ਲਹੂ ਦੇ ਨਾਲ ਲਹੂ ਦੇ ਦਾਗ਼ ਨਹੀਂ ਧੋਤੇ ਜਾ ਸਕਦੇ, ਸਗੋਂ ਐਸਾ ਕਰਨਾ ਬੇਵਕੂਫ਼ੀ ਏ। ਏਸੇ ਵਾਸਤੇ ਮੈਂ ਕਹਿੰਦਾ ਹਾਂ ਕਿ ਪਾਕਿਸਤਾਨ ਬਣਨ ਨਾਲ ਇਸਲਾਮ ਦਾ ਕੋਈ ਭਲਾ ਨਹੀਂ।

31 / 246
Previous
Next