Back ArrowLogo
Info
Profile

"ਖੁਦਾ ਦਾ ਬੰਦਾ ਨਹੀਂ ਉਹ।" ਇਲਮਦੀਨ ਨੇ ਜ਼ਰਾ ਓਚੇਰੀ ਵਾਜ ਵਿੱਚ ਕਿਹਾ, “ਉਹ ਸ਼ੈਤਾਨ ਏਂ, ਨੇਕੀ ਦਾ ਦੁਸ਼ਮਣ, ਸ਼ੈਤਾਨ।”

"ਹੈ ਹੈ, ਮੈਨੂੰ ...."

"ਠਹਿਰ। ਜ਼ਰਾ ਕੰਨ ਖੋਹਲ ਕੇ ਸੁਣ ਲੈ। ਉਸ ਅੱਧ ਬੁੱਧ ਭੈਂਗੇ ਮੌਲਵੀ ਦੀ ਅੱਖ ਤੇਰੀ ਨੂਰਾਂ ਉੱਤੇ ਈ। ਉਹ ਧੋਖੇਬਾਜ਼ ਏ, ਫ਼ਰੇਬੀ।”

"ਤੇਰੇ ਕਾਫ਼ਰ ਪਿਆਰੇ ਨਾਲੋਂ ਉਹ ਭੈਂਗਾ ਮੌਲਵੀ ਵੀ ਚੰਗਾ ਏ। ਉਹ ਖ਼ੁਦਾ ਪਰਸਤ ਤਾਂ ਏ ?" ਫ਼ਾਤਮਾ ਨੇ ਹੱਥ ਭੁੜਕਾਉਂਦਿਆਂ ਜੋਸ਼ ਵਿੱਚ ਕਿਹਾ।

"ਖ਼ੁਦਾ ਪਰਸਤ ? ਉਹ। ਉਹ ਸ਼ੈਤਾਨ। ਕੈਦੋਂ ਲੰਗਾ।”

ਫਿਰ ਕੀ ਸੀ। ਫ਼ਾਤਮਾ ਚੜ੍ਹ ਬੱਦਲੀ ਗਈ। ਜੋ ਉਹਦੇ ਮੂੰਹ ਆਉਂਦਾ ਕਹੀ ਜਾ ਰਹੀ ਸੀ ਉਹ। ਵਿਚੇ ਇਲਮਦੀਨ ਵਿਚੇ ਨੂਰਾਂ। ਪਿਆਰੇ ਤੇ ਪਿਆਰੇ ਦਾ ਮਾਂ ਪਿਉ ਵੀ। ਕੋਈ ਵੀ ਫ਼ਾਤਮਾ ਦੇ ਗੁੱਸੇ ਤੋਂ ਬਚਿਆ ਨਾ ਰਿਹਾ।

ਇਲਮਦੀਨ ਨੇ ਸੋਚਿਆ, "ਹੁਣ ਮਾਲੀਖੌਲੀਏ ਦਾ ਦੌਰਾ ਪੂਰੇ ਜੋਬਨ 'ਤੇ ਆ ਗਿਆ ਏ। ਹੁਣ ਚੁੱਪ ਰਹਿਣ ਵਿੱਚ ਈ ਭਲਾ ਏ। ਉਹ ਅਲਾਣੇ ਮੰਜੇ ਉੱਤੇ ਹੀ ਲੱਤਾਂ ਨਿਸਾਲ ਕੇ ਪੈ ਗਿਆ। ਫ਼ਾਤਮਾ ਵੱਲ ਕੰਡ ਕਰਕੇ ਉਹਨੇ ਜਿਵੇਂ ਕੰਨ ਵਿੱਚ ਉਂਗਲਾਂ ਦੇ ਲਈਆਂ।

"ਅੱਬਾ! ਅੱਬਾ।" ਫੱਜੇ ਨੇ ਬਾਹਰੋਂ ਆਉਂਦਿਆਂ ਪਿਉ ਦੀ ਪੈਂਦ 'ਤੇ ਬਹਿ ਕੇ ਉਹਦੀ ਲੱਤ ਹਿਲਾ ਕੇ ਪੁੱਛਿਆ, "ਪ੍ਰੀਤੂ ਆਹੰਦਾ ਸੀ, ਪਾਕਸਤਾਨ ਨਹੀਂ ਬਣੇਗਾ। ਮੈਂ ਆਹੰਦਾ ਸਾਂ, ਬਣੇਗਾ। ਤੂੰ ਦੱਸ, ਪਾਕਸਤਾਨ ਬਣੇਗਾ ਕਿ ਨਹੀਂ ?"

"ਤੇਰੀ ਮਾਂ ਨੂੰ ਪਤਾ ਏ। ਉਸ ਤੋਂ ਪੁੱਛ ਲੈ।”

੭.

"ਪਿਆਰਿਆ! ਪਿਆਰਿਆ! ਜਿਵੇਂ ਜਾਣਦਾ ਏਂ ਮੈਨੂੰ ਬਚਾ ਲੈ। ਅੱਲ੍ਹਾ ਦਾ ਵਾਸਤਾ ਈ, ਬਚਾ ਲੈ ਮੈਨੂੰ।" ਸ਼ਾਮ ਦੇ ਘੁਸਮੁਸੇ ਹਨ੍ਹੇਰੇ ਵਿੱਚ ਨੂਰਾਂ ਨੇ ਪਿਆਰੇ ਦਾ ਹੱਥ ਫੜ ਕੇ ਡਰ ਨਾਲ ਕੰਬਦੀ ਵਾਜ ਵਿੱਚ ਕਿਹਾ। ਉਹ ਬਹੁਤ ਹੀ ਘਬਰਾਈ ਹੋਈ ਸੀ। ਭੈਅ ਨਾਲ ਉਹਦੀ ਸੋਹਲ ਛਾਤੀ ਧੜਕ ਰਹੀ ਸੀ। ਉਹਦਾ ਗੋਰਾ ਰੰਗ ਪੀਲਾ ਪੈ ਕੇ ਪਤਲੇ ਹਨੇਰੇ ਵਿੱਚ ਕੁਛ ਸਾਉਲਾ ਜਾਪ ਰਿਹਾ ਸੀ।

"ਕਿਉਂ ? ਕੀ ਗੱਲ ਏ ? ਜਰਾ ਧੀਰਜ ਨਾਲ ਦੱਸੇ ਕੁਛ।" ਪਿਆਰੇ ਨੇ ਪਿਆਰ ਨਾਲ ਨੂਰਾਂ ਦੇ ਹੱਥ ਘੁਟਦਿਆਂ ਕਿਹਾ। ਨੂਰਾਂ ਦੀ ਘਬਰਾਹਟ ਨੇ ਪਿਆਰੇ ਦੇ ਅੰਦਰ ਚਿੰਤਾ ਪੈਦਾ ਕਰ ਦਿੱਤੀ ਸੀ।

40 / 246
Previous
Next