

ਆਵੇਗੀ ? ਉਹ ਕਿਤੇ ਖਲੋਣ ਜੋਗਾ ਨਹੀਂ ਰਹਿ ਜਾਵੇਗਾ ? ਸਾਰੇ ਮਿਹਣਾ ਮਾਰਨਗੇ, ਇਲਮਦੀਨ ਦੀ ਧੀ ਨਿਕਲ ਗਈ ਏ। ਆਪਣੀ ਜਾਨ 'ਤੇ ਮੈਂ ਹਜ਼ਾਰਾਂ ਦੁੱਖ ਸਹਿ ਲਵਾਂਗਾ, ਪਰ ਬਾਬੇ ਦੀ ਬੇਇੱਜ਼ਤੀ ਨਹੀਂ ਸਹਿ ਸਕਦਾ।" ਪਿਆਰੇ ਨੇ ਨਿਰਾਸਤਾ ਵਿੱਚ ਸਿਰ ਹਿਲਾ ਕੇ ਕਿਹਾ।
"ਹੱਛਾ, ਇਹ ਗੱਲ ਏ। ਮੈਂ ਨਹੀਂ ਸੀ ਜਾਣਦੀ ਕਿ ਧੋਖੇਬਾਜ਼ ਮਰਦਾਂ ਵਾਂਗ ਤੂੰ ਵੀ ਬਹਾਨੇ ਬਨੌਣਾ ਸਿੱਖ ਜਾਵੇਂਗਾ।" ਗੁੱਸੇ ਨਾਲ ਨੂਰਾਂ ਨੇ ਪਿਆਰੇ ਦੇ ਫੜੇ ਹੋਏ ਹੱਥ ਝਟਕ ਦਿੱਤੇ।
"ਨੂਰਾਂ! ਮੈਨੂੰ ਗ਼ਲਤ ਨਾ ਸਮਝ। ਧਰਤੀ ਡੋਲ ਜਾਏਗੀ, ਪਰ ਪਿਆਰਾ ਜ਼ਬਾਨੋਂ ਨਹੀਂ ਡੋਲੇਗਾ। ਮੈਂ ਤੇਰੇ ਨਾਲ ਵਿਆਹ ਕਰੌਣ ਦਾ ਕੌਲ ਦਿੱਤਾ ਹੋਇਆ ਏ। ਮੈਂ ਆਪਣੇ......।"
"ਓਸ ਤਰ੍ਹਾਂ ਅੱਬਾ ਦੀ ਬੇਇੱਜ਼ਤੀ ਨਹੀਂ ਹੋਵੇਗੀ ? ਫੇਰ ਨਾ ਲੋਕ ਆਖਣਗੇ ਕਿ ਇਲਮਦੀਨ ਦੀ ਧੀ ਨੇ ਸਿੱਖਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਏ ?"
"ਆਖਣ ਪਏ ਲੋਕ। ਓਸ ਵਿੱਚ ਪਾਪ ਤਾਂ ਨਹੀਂ ਨਾ ਕੋਈ।"
“ਚੰਗਾ, ਤੂੰ ਰਾਂਝੇ ਵਾਂਗ ਪਾਪ ਪੁੰਨ ਵਚਾਰਦਾ ਰਹੀਂ ਬੈਠਾ ਤੇ ਸਾਡਾ ਅੱਲ੍ਹਾ ਬੇਲੀ। ਡਰਾਕਲ ਕਿਸੇ ਥਾਂ ਦਾ। ਜੇ ਨੂਰਾਂ ਦਾ ਲੂੰ ਵੀ ਤੈਨੂੰ ਵਖਾ ਗਿਆ ਕੋਈ ਤਾਂ ਆਖੀਂ। ਮੈਂ ਚਲੀ ਆਂ।"
"ਨੂਰਾਂ!” ਮੁੜਦੀ ਨੂਰਾਂ ਦੀ ਛੇਤੀ ਨਾਲ ਬਾਂਹ ਫੜ ਕੇ ਪਿਆਰੇ ਨੇ ਜਿਵੇਂ ਚੀਕ ਕੇ ਕਿਹਾ, "ਮੈਂ ਡਰਾਕਲ ਨਹੀਂ। ਤੇਰੇ ਬਦਲੇ ਮੈਂ ਸਿਰ ਦੇ ਸਕਦਾਂ, ਪਰ ਬਾਬੇ ਇਲਮਦੀਨ ਦਾ ਦਿਲ ਨਹੀਂ ਦੁਖਾ ਸਕਦਾ। ਮੈਂ ਭਲਕੇ ਆਪ ਬਾਬੇ ਨਾਲ ਗੱਲ ਕਰਾਂਗਾ। ਤੂੰ ਘਬਰਾ ਨਾ। ਮੈਂ ਆਪੇ ਸਭ ਕੁਝ...।"
"ਵੇ ਛੱਡ ਜੱਟਾ ਇਹ ਮੋਮੋਠਗਣੀਆਂ। ਰਾਜੀ ਰਹੁ। ਨੂਰਾਂ ਆਪਣੇ ਬਲ ਪੁੱਜਾ ਚਲੀ ਏ। ਯਾਦ ਰਖੀਂ। ਨੂਰਾਂ ਤਾਂ ਸਾਰੀ ਉਮਰ ਦੀਵੇ ਦੀ ਵੱਟੀ ਵਾਂਗ ਸੜਦੀ ਰਹੇਗੀ, ਪਰ ਚੈਨ ਤੇਰੇ ਦਿਲ ਨੂੰ ਵੀ ਨਹੀਂ ਆਵੇਗਾ! ਚਲੋ ਮੁਹੱਬਤ ਕਰਨ ਵਾਲਿਆਂ ਦੇ ਪੱਲੇ ਰੋਣਾ ਈ ਪਿਆ ਕਰਦਾ ਏ।" ਨੂਰਾਂ ਦੂਜੇ ਹੱਥ ਨਾਲ ਬਾਂਹ ਛੁਡਾ ਕੇ ਤੁਰ ਪਈ।
"ਨੂਰਾਂ ! ਨੂਰਾਂ! ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ। ਮੈਂ ਭਲਕੇ ਈ ਸਭ ਕੁਝ ਕਰ ਲਵਾਂਗਾ, ਸਿਆਣਿਆਂ ਆਖਿਆ ਏ...।”
ਪਿਆਰਾ ਸਿਆਣਿਆਂ ਦੇ ਕਥਨਾਂ ਉੱਤੇ ਵਿਚਾਰ ਕਰਦਾ ਰਹਿ ਗਿਆ ਤੇ ਨੂਰਾਂ ਚਲੀ ਗਈ। ਉਹਨੇ ਫਿਰ ਪਿੱਛਾਂ ਭੌਂ ਕੇ ਨਹੀਂ ਵੇਖਿਆ। ਉਹਦੇ ਅੰਦਰ ਅਥਾਹ ਗੁੱਸਾ ਸੀ ਤੇ ਕੁਛ-ਕੁਛ ਘਿਰਣਾ ਵੀ। ਪਰ ਘਿਰਣਾ ਪਿਆਰ ਵਾਸਤੇ ਨਹੀਂ,