ਕੀਤਾ। ਭਾਵੇਂ ਇਹ ਸਾਰਾ ਵਿਰੋਧ ਬੱਚਿਆਂ ਦੀਆਂ ਗੱਲਾਂ ਦਾ ਰਸ ਲੈਣ ਵਾਸਤੇ ਹੀ ਸੀ।
"ਤੇ ਪਾਲੇ ਦੀ ਫਟੀ ਬੀਰੋ ਨਹੀਂ ਪੋਚਦੀ ਹੁੰਦੀ ?” ਆਪਣਾ ਹੱਕ ਸਾਬਤ ਕਰਨ ਬਦਲੇ ਪ੍ਰੀਤੂ ਨੇ ਗਵਾਂਢੀ ਦੀ ਮਿਸਾਲ ਪੇਸ਼ ਕਰ ਦਿੱਤੀ।
"ਫਿਰ ਤੂੰ ਵੀ ਰੱਬ ਕੋਲੋਂ ਇਕ ਭੈਣ ਮੰਗ ਲੈਂਦੇਂ ਜਿਹੜੀ ਤੇਰੀਆਂ ਫੱਟੀਆਂ ਪੋਚ ਦਿਆ ਕਰਦੀ।" ਅਜੇ ਵੀ ਦਲੀਪ ਕੌਰ ਦੀ ਮਮਤਾ ਧੀ ਵਾਸਤੇ ਤਰਸ ਰਹੀ ਸੀ।
“ਭਾਊ। ਆਪਾਂ ਹੁਣ ਰੱਬ ਕੋਲੋਂ ਇਕ ਭੈਣ ਮੰਗ ਲਈਏ ਖਾਂ।" ਪ੍ਰੀਤੂ ਨੇ ਭਰਾ ਵੱਲ ਸ਼ਰਧਾ ਭਰੀਆਂ ਅੱਖਾਂ ਨਾਲ ਤੱਕਦਿਆਂ ਕਿਹਾ।
ਤੇਰਾਂ ਚੌਦਾਂ ਸਾਲ ਦੇ ਪਿਆਰੇ ਨੇ ਛੋਟੇ ਭਰਾ ਦੀ ਮੰਗ ਦਾ ਕੋਈ ਉੱਤਰ ਨਾ ਦਿੱਤਾ। ਉਹ ਇਸ ਭੇਤ ਨੂੰ ਕੁਝ-ਕੁਝ ਸਮਝਣ ਲੱਗ ਪਿਆ ਸੀ।
"ਹੋਰ ਰੋਟੀ ਲੈਣੀ ਊਂ ?" ਪਿਆਰੇ ਨੇ ਗੱਲ ਹੋਰ ਪਾਸੇ ਟਾਲ ਦਿੱਤੀ।
"ਬੱਸ ।"
"ਚਲ ਉਠ ਫਿਰ ਹੱਥ ਧੋ ਕੇ ਆਪਾਂ ਸਵੀਏਂ।”
"ਫਿਰ ਓਦਣ ਵਾਲੀ ਬਾਤ ਸੁਣਾਵੇਂਗਾ ਨਾ।”
"ਸੁਣਾਵਾਂਗਾ।” ਛੋਟਾ ਜਿਹਾ ਉੱਤਰ ਦੇ ਕੇ ਪਿਆਰੇ ਨੇ ਗੱਲ ਮੁਕਾ ਦਿੱਤੀ। ਉਹ ਛੇਤੀ ਤੋਂ ਛੇਤੀ ਮਾਂ ਕੋਲੋਂ ਦੂਰ ਭੱਜ ਜਾਣਾ ਚਾਹੁੰਦਾ ਸੀ। 'ਭੈਣ ਮੰਗਣ' ਦੇ ਅਰਥਾਂ ਬਾਰੇ ਸੋਚਦਿਆਂ ਉਹ ਅਜੀਬ ਕਿਸਮ ਦੀ ਸ਼ਰਮ ਮਹਿਸੂਸ ਕਰ ਰਿਹਾ ਸੀ।
ਦੋਵੇਂ ਭਰਾ ਵਿਹੜੇ ਦੇ ਵਿਚਕਾਰ ਡੱਠੇ ਮੰਜੇ 'ਤੇ ਲੰਮੇ ਜਾ ਪਏ। ਨਿੱਕੇ ਨੇ ਬਾਂਹ ਵੱਡੇ ਦੇ ਗਲ ਵਿੱਚ ਪਾ ਲਈ ਅਤੇ ਲੱਤ ਉਹਦੇ ਢਿੱਡ ਉੱਤੇ ਰੱਖ ਦਿੱਤੀ। ਵੱਡਾ ਇਕ ਸ਼ਹਿਜ਼ਾਦੇ ਤੇ ਸੁਨਹਿਰੀ ਵਾਲਾਂ ਵਾਲੀ ਸ਼ਹਿਜ਼ਾਦੀ ਦੀ ਕਹਾਣੀ ਸੁਨਾਉਣ ਲੱਗ ਪਿਆ। ਨਿੱਕਾ ਉਹਦਾ ਹੁੰਗਾਰਾ ਭਰਨ ਵਿੱਚ ਲੀਨ ਹੋ ਗਿਆ।
ਖਾਲੜੇ ਤੋਂ ਲਾਹੌਰ ਨੂੰ ਜਾਣ ਵਾਲੀ ਪੱਕੀ ਸੜਕ ਉੱਤੇ 'ਬਰਕੀ' ਇਕ ਘੁਗ ਵਸਦਾ ਕਸਬਾ ਸੀ। ਉਸ ਵਿੱਚ ਸਿੱਖ, ਹਿੰਦੂ, ਮੁਸਲਮਾਨ ਅਤੇ ਹਰੀਜਨ ਸਾਰੇ ਭਰਾਵਾਂ ਵਾਂਗ ਵਸਦੇ ਸਨ। ਲਾਹੌਰ ਸ਼ਹਿਰ ਸਿਰ 'ਤੇ ਹੋਣ ਕਰਕੇ ਕੁਝ ਲੋਕਾਂ ਦਾ ਨਿਰਬਾਹ ਸ਼ਹਿਰ ਵਿੱਚ ਮਿਹਨਤ ਮਜ਼ਦੂਰੀ ਕਰਨ ਨਾਲ ਹੁੰਦਾ ਸੀ। ਜੱਟ ਸਿੱਖ ਵਧੇਰੇ ਵਾਹੀ 'ਤੇ ਗੁਜ਼ਾਰਾ ਕਰਦੇ ਸਨ। ਪੁਰਾਣੀ ਵਸੋਂ ਹੋਣ ਕਰਕੇ ਕਈਆਂ ਘਰਾਂ ਕੋਲ ਜ਼ਮੀਨ ਅਸਲੋਂ ਥੋੜ੍ਹੀ-ਥੋੜ੍ਹੀ ਰਹਿ ਗਈ। ਧਰਮ ਸਿੰਘ ਵੀ ਏਸੇ ਸ਼ਰੇਣੀ ਵਿੱਚੋਂ ਸੀ। ਆਪਣੀ ਮਾਲਕੀ ਉਹਦੇ ਕੋਲ ਮਸਾਂ ਦਸ ਘੁਮਾਂ ਸੀ। ਦੋ ਚਾਰ ਘੁਮਾਂ ਉਹ ਕਿਸੇ ਗਵਾਂਢੀ ਕੋਲੋਂ ਹਿੱਸੇ 'ਤੇ ਲੈ ਲੈਂਦਾ। ਮਿਹਨਤੀ ਸੁਭਾਅ ਦਾ ਮਾਲਕ ਹੋਣ ਕਰਕੇ ਉਹ