ਗਰੀਬ, ਲੁੱਟੀ-ਲਤਾੜੀ ਲੋਕਾਈ ਦੀ ਹਮਾਇਤ ਹਾਸਿਲ ਨਹੀਂ ਹੈ, ਭਾਰਤ ਦੇ ਵਿਸ਼ਾਲ ਮੈਦਾਨੀ ਇਲਾਕਿਆਂ, ਵਿਸ਼ਾਲ ਮਹਾਂਨਗਰਾਂ 'ਚ ਇਸ ਲਹਿਰ ਦਾ ਕੋਈ ਆਧਾਰ ਨਹੀਂ ਹੈ। ਦੇਸ਼ ਵਿਆਪੀ ਸਰਗਰਮ ਹਮਾਇਤ ਦੀ ਗੈਰ ਹਾਜ਼ਰੀ 'ਚ ਭਾਰਤੀ ਰਾਜਸੱਤਾ ਦੇ ਜ਼ਬਰ ਅੱਗੇ ਇਹ ਲਹਿਰ ਕਿੰਝ ਟਿਕ ਸਕੇਗੀ ਇਹ ਆਉਣ ਵਾਲਾ ਸਮਾਂ ਹੀ ਦੋਸੇਗਾ।
ਆਦਿਵਾਸੀਆਂ ਦੀ ਇਸ ਲੜਾਈ ਦੀ ਅਗਵਾਈ ਕਰਨ ਵਾਲੀ ਪਾਰਟੀ ਦੀ ਲੀਡਰਸ਼ਿਪ ਵਿਚਾਰਧਾਰਕ ਤੌਰ 'ਤੇ ਬੇਹੱਦ ਕਮਜ਼ੋਰ ਹੈ। ਇਹੋ ਵਜ੍ਹਾ ਹੈ ਕਿ ਇਹ ਭਾਰਤ ਦੇ ਸਮਾਜੀ-ਆਰਥਕ ਯਥਾਰਥ ਨੂੰ ਸਮਝਣ 'ਚ ਨਾਕਾਮ ਹੈ। ਇਹ ਅਤੀਤ ਦੀ ਲੜਾਈ ਨੂੰ ਵਰਤਮਾਨ 'ਚ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਰਾਜਸੱਤਾ ਦਾ ਜ਼ਬਰ ਜੇਕਰ ਇਸ ਲਹਿਰ ਨੂੰ ਦਬਾ ਸਕਣ ਵਿੱਚ ਨਾਕਾਮ ਵੀ ਰਹਿੰਦਾ ਹੈ ਤਾਂ ਇਸ ਪਾਰਟੀ ਦੀ ਵਿਚਾਰਧਾਰਕ ਕਮਜ਼ੋਰੀ ਜ਼ਰੂਰ ਇਸ ਲਹਿਰ ਨੂੰ ਲੈ ਡੁੱਬੇਗੀ। ਇਤਿਹਾਸ ਵਿੱਚ ਅਜਿਹੀਆਂ ਕਈ ਉਦਾਹਰਣਾਂ ਮਿਲਦੀਆਂ ਹਨ, ਕਿ ਸੱਤ੍ਹਾ ਦਾ ਜ਼ਬਰ ਤਾਂ ਲੋਕ ਲਹਿਰਾਂ ਨੂੰ ਦਬਾਉਣ 'ਚ ਨਾਕਾਮ ਰਿਹਾ ਪਰ ਇਹਨਾਂ ਲਹਿਰਾਂ ਦੀ ਲੀਡਰਸ਼ਿਪ ਦੀ ਵਿਚਾਰਧਾਰਕ ਕਮਜ਼ੋਰੀ ਕਾਰਨ ਇਹ ਲਹਿਰਾਂ ਟੁੱਟ-ਖਿਡਾਅ ਦਾ ਸ਼ਿਕਾਰ ਹੋਈਆਂ। ਵਰਤਮਾਨ ਸਮੇਂ 'ਚ ਨੇਪਾਲ ਦੀ ਉਦਾਹਰਣ ਸਾਡੇ ਸਾਹਮਣੇ ਹੈ।
ਇਸ ਮੁੜ ਪ੍ਰਕਾਸ਼ਤ ਹੋ ਰਹੀ 'ਜੰਗਲਨਾਮਾ' ਦੀ ਆਲੋਚਨਾ 'ਚ ਅਸੀਂ ਖੁਦ ਨੂੰ ਵਿਚਾਰਧਾਰਾ ਅਤੇ ਸਿਆਸਤ ਤੱਕ ਹੀ ਸੀਮਤ ਰੱਖਿਆ ਸੀ ਅਤੇ ਇਸਦੇ ਕਲਾਤਮਕ ਪੱਖ ਨੂੰ ਨਹੀਂ ਛੋਹਿਆ ਸੀ। ਪਰ ਇਸ ਭੂਮਿਕਾ ਵਿੱਚ ਅਸੀਂ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਇਸ ਪੁਸਤਕ ਦਾ ਕਲਾਤਮਕ ਪੱਖ ਤਾਂ ਜਾਨਦਾਰ ਹੈ, ਪਰ ਵਿਚਾਰਧਾਰਕ-ਸਿਆਸੀ ਪੱਖੋਂ ਇਹ ਪੁਸਤਕ ਗਲਤ ਹੈ।
ਇਸ ਕਿਤਾਬਚੇ ਦੇ ਇਸ ਦੂਸਰੇ ਐਡੀਸ਼ਨ ਨੂੰ ਛਾਪਣ ਸਮੇਂ ਅਸੀਂ ਇਸਦੇ ਮੂਲ ਪਾਠ ਨੂੰ ਹੂ-ਬ-ਹੂ ਰਹਿਣ ਦਿੱਤਾ ਹੈ। ਇਸ ਵਿੱਚ ਕਿਸੇ ਤਬਦੀਲੀ ਦੀ ਸਾਨੂੰ ਜ਼ਰੂਰਤ ਮਹਿਸੂਸ ਨਹੀਂ ਹੋਈ। ਸਾਨੂੰ ਪੱਕਾ ਯਕੀਨ ਹੈ ਕਿ ਇਸ ਵਿੱਚ ਕਹੀਆਂ ਗੱਲਾਂ ਅੱਜ ਵੀ ਸਹੀ ਅਤੇ ਪ੍ਰਸੰਗਕ ਹਨ। ਆਉਣ ਵਾਲਾ ਸਮਾਂ ਸਾਡੀ ਪੋਜ਼ੀਸ਼ਨ ਦੇ ਸਹੀ ਹੋਣ ਨੂੰ ਹੋਰ ਵੀ ਵਧੇਰੇ ਸਪੱਸ਼ਟਤਾ ਨਾਲ ਸਾਬਤ ਕਰੇਗਾ।
-ਸੁਖਵਿੰਦਰ