Back ArrowLogo
Info
Profile
ਸੁਣੋ। ਇਥੇ ਇਸ ਸੁੱਕੀ ਢਾਬ ਵਿਚ ਮਰੇ ਤੇ ਜ਼ਖਮੀ ਪਏ ਸਿੱਖਾਂ ਵਿਚ ਜਥੇਦਾਰ ਦੀ ਲੋਥ ਬੀ ਪਈ ਸੀ, ਜੋ ਅਜੇ ਸਜਿੰਦ ਸੀ। ਇਕ ਤਾਂ ਸਰੀਰ ਨੂੰ ਜੀਉਂਦਾ ਰੱਖਣ ਵਾਲੀ ਜਿੰਦ ਸੀ ਅਜੇ ਸਰੀਰ ਦੇ ਵਿਚ, ਦੂਸਰੇ ਉਹ ਜਿੰਦ ਇਸ ਜਿੰਦੜੀ ਨੂੰ ਜਿਵਾਲ ਰਹੀ ਸੀ ਜਿਸ ਨੇ ਬੇਮੁਖਤਾ ਦੀ ਕਾਲਖ ਧੋਕੇ ਸੁਰਖ ਰੱਤੂ ਨਾਲ ਸੁਰਖਰੋਈ ਪ੍ਰਾਪਤ ਕੀਤੀ ਸੀ। ਉਹ ਜਿੰਦ ਸਰੀਰ ਦੀ ਜਿੰਦ ਨੂੰ ਨਿਕਲਣ ਨਹੀਂ ਸੀ ਦੇਂਦੀ। ਉਸ ਵਿਚ ਤੜਪ ਸੀ ਕਿ ਕਿਵੇਂ ਇਸ ਵੇਲੇ ਗੁਰੂ ਆ ਜਾਵੇ ਤੇ ਮੈਂ ਆਪਣੇ ਸਾਰੇ ਦੇਸ਼ ਲਈ ਮਾਫੀ ਮੰਗਾਂ ਤੇ ਉਹ ਅਮੰਗਲ ਕਾਗਜ਼ ਪੜਵਾ ਦਿਆਂ ਜੋ ਕਿਸੇ ਖੋਟੇ ਸਿਤਾਰੇ ਨੇ, ਕਿਸੇ ਬਦਕਿਸਮਤੀ ਦੇ ਨਿਛੱਤ੍ਰ ਨੇ ਕਿ ਕਿਸੇ ਭੈੜੀ ਹੋਣੀ ਨੇ ਕਿਸੇ ਨਹਿਸ਼ ਵੇਲੇ ਸਾਥੋਂ ਲਿਖਵਾਯਾ ਤੇ ਮੇਰੇ ਕੂਕਦੇ ਪੁਰਕਾਰਦੇ ਬਹੁਤਿਆਂ ਦੀ ਗਲ,- ਮਾੜੀ ਗਲ-ਸਿਰੇ ਚੜ੍ਹ ਗਈ ਤੇ ਮੈਂ ਬੀ ਬੇਮੁਖਾਂ ਵਿਚ ਰਹਿ ਗਿਆ ਸਾਂ। ਚਾਹੇ ਮੈਂ ਮਗਰੋਂ ਸੰਭਾਲ ਲਿਆ ਸਾਰਿਆਂ ਨੂੰ, ਪਰ ਹੋਣੀ ਤਾਂ ਹੋਕੇ ਰਹੀ, ਭਾਵੇਂ ਮਗਰੋਂ ਕਿਸੇ ਗੁਰੂ ਦੀ ਕਿਸੇ ਮਿਹਰ ਦਾ ਸਦਕਾ, ਕਿਸੇ ਭਲੇ ਭਾਗ ਦੇ ਪ੍ਰੇਰੇ. ਅਸੀਂ ਸਨਮੁਖ ਹੋ ਗਏ ਤੇ ਲੜ ਮੋਏ ਆਪਣੇ ਪ੍ਯਾਰੇ ਗੁਰੂ ਲਈ। ਕਾਸ਼, ਉਸ ਗੁਰੂ ਦੇ ਦਰਸ਼ਨ ਹੋ ਜਾਣ ਜਿੰਦ ਜਾਣ ਤੋਂ ਪਹਿਲੋਂ ਤਾਂ ਟੁੱਟੀ ਗੰਢਾ ਲਵਾਂ। ਇਸ ਦੋ ਜਿੰਦੀਆਂ ਵਾਲੇ ਜ਼ਿੰਦਾ ਸ਼ਹੀਦ ਦੀ ਆਤਮਾਂ ਵਿਚ ਜੋ 'ਭਾਵ' ਇਸ ਵੇਲੇ ਆਪੋ ਵਿਚ ਉਮਗ ਰਹੇ ਸਨ ਤੇ ਸਰੀਰ ਨੂੰ ਸ਼ਾਂਤ ਨਹੀਂ ਸਨ ਹੋਣ ਦੇਂਦੇ ਉਸਦੀ ਦੇਹ ਤੇ ਆਤਮਾਂ ਦੇ ਸੰਬਾਦ ਦੇ ਢੰਗ ਵਿਚ ਲਿਖੇ ਹੇਠਾਂ ਦਿੱਤੇ ਕਾਵ੍ਯ ਵਿਚ ਅੰਕਿਤ ਹਨ:-

३.

ਭਾਈ ਮਹਾਂ ਸਿੰਘ ਜੀ ਸੱਚੇ ਸ਼ਹੀਦ ਦੀ ਆਤਮਾ ਆਪਣੇ ਅੰਤਮ ਸੁਆਸਾਂ ਵੇਲੇ ਇਸ ਪ੍ਰਕਾਰ ਸੰਬਾਦ ਕਰਦੀ ਹੈ:-

ਆਤਮਾਂ (ਮਾਨੋ ਦੇਹ ਨੂੰ ਆਖਦੀ ਹੈ)-

ਹੋ ਜ਼ਿੰਦਗੀ ਦੀ ਕਾਰ ਚੁੱਕੀ, ਦੇਸ਼ ਨਿਜ ਹੁਣ ਚੱਲੀਏ।

11 / 35
Previous
Next