ਪਾਸ ਉਹ ਲੋਥ ਬੀ ਪਈ ਸੀ,
ਜਿਸ ਨੂੰ ਵਾਰ ਕਰਦਿਆਂ ਟਿੱਬੀ ਤੋਂ ਆਏ ਅਜ਼ਲੀ ਤੀਰ ਨੇ ਪਰੋ ਸੁਟਿਆ ਸੀ। ਪਾਸ ਆਕੇ ਸਤਿਗੁਰਾਂ ਕ੍ਰਿਪਾ ਦ੍ਰਿਸ਼ਟੀ ਨਾਲ ਡਿੱਠਾ,
ਅਸੀਸ ਦਿੱਤੀ,
ਹੋਸ਼ ਪਰਤ ਪਈ,
ਮਾਈ ਉਠ ਖੜੀ ਹੋਈ। ਮਾਈ ਨੂੰ ਜ਼ਖਮ ਮਾਮੂਲੀ ਸਨ,
ਸਦਮਾ ਖਾਕੇ ਬੇਸੁਧ ਪਈ ਸੀ। ਸਾਵਧਾਨ ਹੋਕੇ ਸਤਿਗੁਰਾਂ ਦੇ ਨਾਲ ਅੰਗੀਠੇ ਪਾਸ ਆਈ। ਉਸਦੇ ਘਾਵ ਬੱਧੇ ਗਏ,
ਜਲ ਪਿਲਾਇਆ ਗਿਆ। ਜੰਗ ਦਾ ਸਾਰਾ ਵਿਰਤੰਤ ਮਾਈ ਨੇ ਸਤਿਗੁਰਾਂ ਨੂੰ ਆਪ ਦੱਸਿਆ ਕਿ ਆਪ ਦੇ ਚਲੇ ਜਾਣ ਮਗਰੋਂ ਕੀਕੂੰ ਗੁਰਮਤਾ ਹੋਇਆ ?
ਕੀਕੂ ਸਿੰਘ ਨਿੱਤਰੇ ਤੇ ਕੀਕੂੰ ਅਜਿੱਤ ਬਹਾਦਰੀ ਨਾਲ ਕੱਟ ਕੇ ਮਰੇ ?
ਸੁਣਕੇ ਸਤਿਗੁਰ ਜੀ ਦੇ ਨੈਣ ਕਈ ਵੇਰ ਪਿਆਰ ਨਾਲ ਭਰ ਭਰ ਕੇ ਆਏ ਤੇ ਅਸੀਸਾਂ ਦੇਂਦੇ ਰਹੇ। ਅੰਤ ਗੁਰੂ ਜੀ ਨੇ ਭਾਗੋ ਨੂੰ ਮਹਾਂ ਸਿੰਘ ਦੀ ਅੰਤਲੀ ਕਰਨੀ ਸੁਣਾਈ। ਭਾਗੋ ਦੀ ਬਹਾਦਰੀ ਤੇ ਕਰਨੀ ਉਤੇ ਗੁਰੂ ਜੀ ਨੇ ਵਰ ਦਿੱਤੇ ਤੇ ਸੰਗਤ ਵਿਚ ਮਹਿੰਮਾਂ ਹੋਈ। ਮਾਈ ਭਾਗੋ ਦੀ ਕਰਨੀ ਤੇ ਉੱਚਤਾ ਦਾ ਕੁਛ ਨਕਸ਼ਾ ਅਗਲੀ ਕਵਿਤਾ ਵਿਚ ਅੰਕਿਤ ਹੈ:-
ਦੁਨੀਆਂ ਦੀ ਉਂਗਲ ਤੋਂ ਉਚਾ ਦਾਗ਼ ਦੇਖ ਤੋਂ ਖਾਲੀ,
ਤੇਰਾ ਤੰਬੂ ਨਿੱਕਾ ਜੇਹਾ, ਦੇਂਦਾ ਪਿਆ ਦਿਖਾਲੀ।
ਨਿੰਦਾ ਦੀ ਨਹੀਂ ਪਹੁੰਚ ਓਸ ਥਾਂ ਜਿਸ ਟਿੱਬੀ ਤੈਂ ਡੇਰਾ,
ਕੁਈ ਉਲ੍ਹਾਮਾ ਉੱਡ ਨ ਪਹੁੰਚੇ, ਉੱਚ ਟਿਕਾਣਾ ਤੇਰਾ।
ਤੂੰ ਲੰਮੀ ਉੱਚੀ ਤੇ ਭਰਵੀਂ ਸੂਰਤ ਰੰਗ ਜਲਾਲੀ,
ਤਰਸਾਂ ਵਾਲੀ ਪਰ ਭੈ ਨਾਂਹੀ, ਚੜ੍ਹੀ ਸੱਚ ਦੀ ਲਾਲੀ।
ਸੱਚ ਉਭਰੇਂਦਾ ਸੀਨੇ ਤੇਰੇ, ਚਿਹਰੇ ਸਿਦਕ ਚੜ੍ਹੇਂਦਾ,
ਤੋੜ ਨਿਭਾਵਨ ਵਾਲਾ ਖੇੜਾ ਲੂੰ ਲੂੰ ਵਿੱਚ ਵਸੇਂਦਾ।
ਸੱਜੇ ਖੱਬੇ ਤੱਕੇ ਨਾਂਹੀ ਪਿੱਛੇ ਮੁੜ ਨਾ ਦੇਖੇਂ,
ਅੱਗੇ ਤਾਂਘ ਅਗੇਰੇ ਰੱਖੇ ਅੱਗਾ ਅੱਗਾ ਵੇਖੇਂ।
'ਸੱਚ' 'ਸਿਦਕ' ਦੇ ਤਾਰੇ ਤੇਰੀ ਅੱਖੀਂ ਅਰਸ਼ੋਂ ਆਏ,
ਨਜ਼ਰ ਉਚੇਰੀ ਅਰਸ਼ਾਂ ਵੰਨੇ, ਪੱਕੀ ਗਏ ਟਿਕਾਏ।