ਯੋਗੀ ਸੁਣ ਕੇ ਕੁਝ ਹਰਾਨਿਆਂ, ਬਉਰਾਨਿਆਂ ਤੇ ਫੇਰ ਨੈਣ ਮੁੰਦ ਕੇ ਸੋਚੀਂ ਪੈ ਗਿਆ। ਫੇਰ ਅੱਖਾਂ ਖੋਹਲਕੇ ਕਹਿਣ ਲਗਾ:- ਦਰਸ਼ਨ ਕਰਨਾਂ ਹੀ ਬਣਦਾ ਹੈ। ਇਕ ਚੇਲੇ ਨੇ ਪੁੱਛਿਆ:- ਆਪ ਦੀ ਸਲਾਹ ਕਿਵੇਂ ਬਦਲ ਗਈ ਏ? ਜੋਗੀ ਬੋਲਿਆ:- ਉਹਨਾਂ ਦਾ ਮੇਰੀ ਉਮਰਾ ਦਾ ਅੰਦਾਜਾ ਠੀਕ ਠੀਕ ਦੱਸ ਦੇਣਾ ਇਹ ਧ੍ਯਾਨ ਸਿੱਧ ਯੋਗੀ' ਦਾ ਲੱਛਣ ਹੈ। ਹੋਰ ਕੌਣ ਭੂਤ* ਵਿਚ ਇਤਨੀ ਗੰਮਤਾ ਰਖ ਸਕਦਾ ਹੈ। ਉਨ੍ਹਾਂ ਦਾ ਇਹ ਪਛਾਣ ਲੈਣਾ ਕਿ ਮੈਂ ਹਠ ਯੋਗੀ ਤਾਂ ਹਾਂ ਤੇ ਹਠ ਯੋਗ ਨੂੰ ਮਾੜਾ ਨਾਂ ਕਹਿਣਾ ਪਰ ਠੀਕ ਮੁੱਲ ਪਾ ਦੇਣਾ ਤੇ ਪਛਾਣ ਲੈਣਾ ਕਿ ਮੈਂ ਕਲ੍ਯਾਨ ਮਾਰਗ ਤੇ ਨਹੀਂ ਟੁਰਿਆ, ਕੇਵਲ ਹਠ ਯੋਗ ਦੇ ਸਾਧਨਾਂ ਤੇ ਸਰੀਰਕ ਪ੍ਰਾਪਤੀ ਦਾ ਮਾਨ ਧਾਰੀ ਹਾਂ; ਇਹ ਲੱਛਣ ਬ੍ਰਹਮ ਯਾਨੀ ਦਾ ਹੈ। ਫਿਰ ਇਸ ਉਮਰੇ ਇਹ ਪ੍ਰਾਪਤੀ ਹੋਣੀ ਤੇ ਮੁਗਲ ਰਾਜ, ਜਿਸ ਵੱਲ ਕੈਰੀ ਅੱਖ ਕੋਈ ਨਹੀਂ ਤੱਕ ਸਕਦਾ, ਉਸ ਨੂੰ ਤੋੜਨ ਤੇ ਲੱਕ ਬੰਨ੍ਹ ਖੜੋਣਾ ਤੇ ਟੱਕਰ ਮਾਰ ਦੇਣੀ ਇਹ ਅਵਤਾਰੀ ਸਤ੍ਯਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਸਰੀਰ ਕਰਮਾਂ ਅਨੁਸਾਰ ਬਣਦਾ ਹੈ ਤੇ ਕਰਮ ਜਾਲ ਵਿਚ ਬੱਧੇ ਸਰੀਰ ਜੰਮਦੇ ਮਰਦੇ ਹਨ, ਇਹ ਤਾਂ ਗਲ ਵਿਦਵਾਨ ਵੀ ਕਹਿ ਸਕਦੇ ਹਨ, ਪਰ ਇਹ ਕਹਿਣਾ ਕਿ ਕੋਈ ਸਰੀਰ ਨਿਰੇ ਮਾਲਕ ਦੇ 'ਹੁਕਮ' ਵਿਚ ਨਵੇਂ ਕਪੜੇ ਪਹਿਨਦੇ ਹਨ, ਇਹ ਉਨ੍ਹਾਂ ਦੇ 'ਕਾਰਕ' ਹੋਣ ਦਾ ਚਿੰਨ੍ਹ ਹੈ। ਉਨ੍ਹਾਂ ਦਾ ਚੋਲਾ ਕਰਮਾਂ ਦਾ ਦਿੱਤਾ ਚੌਲਾ ਨਹੀਂ, ਮਾਲਕ ਦੀ ਦਾਤ ਹੈ। ਇਸ ਕਰਕੇ ਉਹ ਕਾਰਕ** ਹਨ। ਇਨ੍ਹਾਂ ਕਾਰਨਾਂ ਕਰਕੇ ਉਹ ਇਸ ਉਮਰ ਇਤਨੇ ਕਾਰਜ ਕਰ ਰਹੇ ਹਨ। ਮਹਾਨ ਪੁਰਖ ਹਨ, ਮਹਾਨ ਸ਼ਕਤੀਵਾਨ ਹਨ, ਅਵਤਾਰ ਹਨ, ਉਨ੍ਹਾਂ ਦੇ ਦਰਸ਼ਨ ਬਣਦੇ ਹਨ ਤੇ ਉਨ੍ਹਾਂ ਤੋਂ ਕਲ੍ਯਾਨ ਦੀ ਦਾਤ ਮੰਗਣੇ ਦਾ ਅਵਸਰ ਸ਼ਾਯਦ ਪ੍ਰਭੂ ਨੇ ਮੇਰੇ ਲਈ ਉਨ੍ਹਾਂ ਦੇ ਇਥੇ ਆਉਣ ਵਿਚ ਆਪ ਬਣਾਇਆ ਹੈ।
–––––––––––––––
* ਬੀਤਚੁਕਾ ਸਮਾਂ।
* * ਧੁਰ ਤੋਂ ਸ੍ਰਿਸਟੀ ਦੇ ਉਧਾਰ ਲਈ ਘੱਲੇ ਹੋਏ ਮਹਾਂਪੁਰਖ।