ਸਾਹਿਬ ਡਾਢੇ ਧਿਆਨ ਨਾਲ ਅੱਖਰ ਅੱਖਰ ਸੁਣਦੇ ਰਹੇ। ਸੁਣਕੇ ਮੁਸਕ੍ਰਾਂਦੇ ਬੀ ਰਹੇ ਵਿਚ ਵਿਚ, ਫਿਰ ਬੋਲੇ:- ਖਾਨਿਆਂ! ਤੂੰ ਤਾਂ ਅਜ
ਮਹਾਨ ਕਵੀਆਂ ਵਾਂਗ ਗਲਾਂ ਕੀਤੀਆਂ ਹਨ। ਸੁਹਣਿਆਂ ਕਿਤੇ ਪੜ੍ਹਦਾ ਸੁਣਦਾ ਰਿਹਾ ਏਂ ਕਿ ਤੂੰ ਬੀ ਕੋਈ ਕਾਲੀ ਦਾ ਦਾਸ ਏਂ, ਦੂਜਾ ਕਾਲੀ ਦਾਸ? ਖਾਨਾ- ਪਾਤਸ਼ਾਹ! ਲੋਕੀ ਤਾਂ ਆਜਜ਼ੀ ਨਾਲ ਆਪਣੇ ਆਪ ਨੂੰ 'ਮੂਰਖ' ਆਖ ਲੈਂਦੇ ਹਨ ਤੇ ਮੈਨੂੰ ਤਾਂ ਕਹਿੰਦੇ ਹੀ 'ਸੁਰੱਖਾ* ਹਨ। ਸੁਰੱਖਾ ਨਾਮ 'ਮੂਰਖ' ਦਾ ਹੋਣਾ ਹੈ ? ਬਾਕੀ ਅਸੀਂ ਲੋਕ ਰਾਜ ਦਰਬਾਰੀ ਹਾਂ, ਕੁਛ ਗਲਾਂ ਕਰ ਹੀ ਲੈਂਦੇ ਹਾਂ, ਫੇਰ ਪਾਤਸ਼ਾਹ! ਆਪ ਦੀ ਸੇਵਾ ਵਿਚ ਚਾਉ ਚੜ੍ਹ ਰਿਹਾ ਹੈ ਤੇ ਸਾਹਿਬ ਦਾ ਜਲਵਾ ਸੇਵਕ ਦੇ 'ਚਾਉ ਨਾਲ ਨਿਰਮਲ ਹੋਏ ਦਿਲ-ਨੀਰ' ਵਿਚ ਪੈ ਰਿਹਾ ਹੈ। 'ਬੋਲਾਇਆ ਬੋਲੀ ਤੇਰਾ' ਮੈਂ ਸਿਖ ਪੜ੍ਹਦੇ ਸੁਣੇ ਹਨ।
ਸਾਹਿਬ ਫੇਰ ਮੁਸਕ੍ਰਾਏ ਸ਼ਾਬਾਸ਼ ਖਾਨਾਂ ਤੂੰ ਬੜਾ ਨਿਮਕ ਹਲਾਲ ਹੈਂ ਆਪਣੇ ਮਾਲਕ ਦਾ ਤੇ ਸਾਡਾ ਸੱਚਾ ਸਾਦਿਕ ਨਿਕਲਿਆ ਹੈ। ਇਹ ਕਹਿਕੇ ਆਪ ਬੀਰ ਆਸਨ ਤੋਂ ਉੱਠੇ, ਤੀਰ ਕਮਾਨ ਹੱਥੋਂ ਧਰਿਆ ਤੇ ਖਾਨੇ ਦੇ ਸਿਰ ਤੇ ਪ੍ਯਾਰ ਦੇਕੇ ਬਾਕੀ ਸੂਰਿਆਂ ਨੂੰ ਤੀਰ ਭੱਧੇ ਰੱਖਣੇ ਦੀ ਆਯਾ ਕਰਕੇ ਟਹਿਲਣ ਲਗ ਪਏ। ਕੁਛ ਚਿਰ ਮਗਰੋਂ ਪਹਿਰੇ ਤੋਂ ਇਕ ਸਿੰਘ ਆਇਆ ਤੇ ਖਾਨੇ ਨੂੰ ਕੰਨ ਵਿਚ ਕਹਿਣ ਲਗਾ 'ਧੌਲੂ' ਆਇਆ ਖੜਾ ਹੈ।
ਖਾਨਾ ਸਿਰ ਨਿਵਾਕੇ ਚਲਾ ਗਿਆ ਤੇ ਉਸ ਨਾਲ ਗੱਲਾਂ ਕਰਕੇ ਸਾਹਿਬਾਂ ਦੇ ਚਰਨਾਂ ਵਿਚ ਫੇਰ ਆ ਗਿਆ:- ਪਾਤਸ਼ਾਹ ਤੁਰਕ ਦਲ ਟੂਰ ਗਿਆ ਹੈ ਸਾਰਾ। ਨਵਾਬ, ਸਰਦਾਰ, ਲਸ਼ਕਰ ਸਭ ਸਫਨ ਸਫਾ ਹੋ ਗਏ, ਮੈਦਾਨ ਖਾਲੀ ਪਿਆ ਹੈ ਜੀਉਂਦੇ ਵੈਰੀਆਂ ਤੋਂ, ਹਾਂ ਭਰਿਆ ਪਿਆ ਹੈ ਮਰੇ ਵੈਰੀਆਂ ਨਾਲ, ਟੁੰਡ ਮੁੰਡ ਰੂੰਡ ਨਾਲ, ਤੜਫਦੇ ਤੇ ਨਾ ਤੁਰ ਸਕਣ ਜੰਗੇ
–––––––––––––––––––
* ਮੁਰੱਖਾ ਪਦ ਦਾ ਮੂਲ ਹੈ 'ਮੁਹਰੇ ਰਖਿਆ' ਭਾਵ ਰਹਨੁਮਾਈ ਕਰਨ ਵਾਲਾ। 'ਖਾਨਾ' ਇਸ ਪਦ ਦੇ ਅਰਥ 'ਮੁਰੱਖਾ' ਨੂੰ ਮੂਰਖ ਤੋਂ ਬਣਿਆ ਦੱਸ ਰਿਹਾ ਹੈ। ਇਕ ਕਟਾਖ੍ਯ ਸੁੱਟਣੇ ਲਈ।