ਜਵਾਹਰ ਸਿੰਘ ਦੇ ਉੱਤੇ ਨੀ ਚੜ੍ਹੇ ਸਾਰੇ,
ਮੱਥਾ ਖ਼ੂਨੀਆਂ ਵਾਂਗ ਚਾ ਵੱਟਿਓ ਨੇ ।
ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,
ਅੱਗੋਂ ਨਾਲ ਸੰਗੀਨਾਂ ਦੇ ਫੱਟਿਓ ਨੇ ।
ਸੀਖਾਂ ਨਾਲ ਉੜੁੰਬ ਕੇ ਫ਼ੀਲ ਉੱਤੇ,
ਕੱਢ ਹੌਦਿਓਂ ਜ਼ਿਮੀਂ ਤੇ ਸੱਟਿਓ ਨੇ ।
ਸ਼ਾਹ ਮੁਹੰਮਦਾ ਵਾਸਤੇ ਪਾਂਵਦੇ ਦਾ,
ਸਿਰ ਨਾਲ ਤਲਵਾਰ ਦੇ ਕੱਟਿਓ ਨੇ ।
43
ਰਾਣੀ ਕੈਦ ਕਨਾਤ ਦੇ ਵਿਚ ਕੀਤੀ,
'ਕਿਸ ਨੂੰ ਰੋਇ ਕੇ ਪਈ ਡਰਾਵਨੀ ਹੈਂ ?
ਤੇਰਾ ਕੌਣ ਹਮਾਇਤੀ ਸੁਣਨ ਵਾਲਾ,
ਜਿਹਨੂ ਪਾਇ ਕੇ ਵੈਣ ਸੁਣਾਵਨੀ ਹੈਂ ।
ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,
ਜਿਹੜੇ ਡੂੰਘੜੇ ਵੈਣ ਤੂੰ ਪਾਵਨੀ ਹੈਂ ?
ਸ਼ਾਹ ਮੁਹੰਮਦਾ ਦੇਹ ਇਨਾਮ ਸਗੋਂ,
ਸਾਡੇ ਜ਼ੋਰ ਤੇ ਰਾਜ ਕਮਾਵਨੀ ਹੈਂ ।'
44
ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,
ਕਿਥੋਂ ਕੱਢਾਂ ਮੈਂ ਕਲਗੀਆਂ ਨਿਤ ਤੋੜੇ ।
ਮੇਰੇ ਸਾਹਮਣੇ ਕੋਹਿਆ ਨੇ ਵੀਰ ਮੇਰਾ,
ਜੈਂਦੀ ਤਾਬਿਆ ਲੱਖ ਹਜ਼ਾਰ ਘੋੜੇ ।
ਕਿੱਥੋਂ ਕੱਢਾਂ ਮੈਂ ਦੇਸ਼ ਫਿਰੰਗੀਆਂ ਦਾ,
ਕੋਈ ਹੋਵੇ ਜੋ ਇਨ੍ਹਾਂ ਦਾ ਗਰਬ ਤੋੜੇ ।
ਸ਼ਾਹ ਮੁਹੰਮਦਾ ਓਸ ਤੋਂ ਜਾਨ ਵਾਰਾਂ,
ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ ।