ਸਿੰਘਾਂ ਆਖਿਆ, 'ਲੜਾਂਗੇ ਹੋਏ ਟੋਟੇ,
ਸਾਨੂੰ ਖ਼ਬਰ ਭੇਜੀਂ ਦਿਨੇ ਰਾਤ ਮਾਈ !
ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,
ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ ।'
ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤਾ,
ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ ।
ਸ਼ਾਹ ਮੁਹੰਮਦਾ ਅਜੇ ਨਾ ਜਾਣਿਓ ਨੇ,
ਖ਼ਾਲੀ ਪਈ ਹੈ ਚੋਪੜੀ ਪਰਾਤ ਮਾਈ ।
55
ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ,
ਸਿੰਘ ਬੈਠੇ ਨੀ ਹੋਇ ਸੁਚੇਤ ਮੀਆਂ ।
ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,
ਕਿਸੇ ਹਾਰ ਦਿੰਦਾ ਕਿਸੇ ਜੇਤ ਮੀਆਂ ।
ਇਕ ਲੱਖ ਬੇਟਾ ਸਵਾ ਲੱਖ ਪੋਤਾ,
ਰਾਵਣ ਮਾਰਿਆ ਘਰ ਦੇ ਭੇਤ ਮੀਆਂ,
ਸ਼ਾਹ ਮੁਹੰਮਦਾ ਜਾਣਦਾ ਜੱਗ ਸਾਰਾ,
ਕਈ ਸੂਰਮੇ ਆਉਣਗੇ ਖੇਤ ਮੀਆਂ ।
56
ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,
'ਚੱਲੋ ਹੁਣੇ ਫ਼ਿਰੰਗੀ ਨੂੰ ਮਾਰੀਏ ਜੀ ।
ਇਕ ਵਾਰ ਜੇ ਸਾਹਮਣੇ ਹੋਏ ਸਾਡੇ,
ਇਕ ਘੜੀ ਵਿਚ ਪਾਰ ਉਤਾਰੀਏ ਜੀ ।
ਬੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ,
ਅਸੀਂ ਕਾਸ ਤੋਂ ਓਸ ਤੋਂ ਹਾਰੀਏ ਜੀ ।
ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ,
ਫੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ ।