ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,
ਦਿੱਲੀ ਆਗਰੇ ਹਾਂਸੀ ਹਿਸਾਰ ਮੀਆਂ ।
ਬੀਕਾਨੇਰ ਗੁਲਨੇਰ ਭਟਨੇਰ ਜੈ ਪੁਰ,
ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ ।
ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ,
ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।
ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ,
ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ ।
64
ਅਰਜ਼ੀ ਲਿਖੀ ਫ਼ਿਰੰਗੀਆਂ ਖ਼ਾਲਸੇ ਨੂੰ,
'ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।
ਮਹਾਰਾਜੇ ਦੇ ਨਾਲ ਸੀ ਨੇਮ ਸਾਡਾ,
ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ ।
ਕਈ ਲੱਖ ਰੁਪਏ ਲੈ ਜਾਓ ਸਾਥੋਂ,
ਦੇਈਏ ਹੋਰ ਜੋ ਤੁਸੀਂ ਫੁਰਮਾਂਵਦੇ ਹੋ ।
ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,
ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ ।'
65
ਸਿੰਘਾਂ ਲਿਖਿਆ ਖ਼ਤ ਫ਼ਿਰੰਗੀਆਂ ਨੂੰ,
'ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ ।
ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,
ਭਾਵੇਂ ਦੇਹ ਤੂੰ ਢੇਰ ਉਸਾਰ ਕੇ ਜੀ ।
ਉਹੋ ਪੰਥ ਤੇਰੇ ਉੱਤੇ ਆਣ ਚੜ੍ਹਿਆ,
ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ ।
ਸ਼ਾਹ ਮੁਹੰਮਦਾ ਸਾਮ੍ਹਣੇ ਡਾਹ ਤੋਪਾਂ,
ਸੂਰੇ ਕੱਢ ਮੈਦਾਨ ਨਿਤਾਰ ਕੇ ਜੀ ।'